ਗੁਰਦਾਸਪੁਰ, 7 ਮਈ (ਅਸ਼ੋਕ ਸ਼ਰਮਾ)-ਕਲਗ਼ੀਧਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦੇ ਨਾਮ ਇਕ ਹੋਰ ਮਾਣਮੱਤੀ ਉਪਲਬਧੀ ਜੁੜ ਗਈ ਹੈ | ਸਕੂਲ ਦੇ ਹੋਣਹਾਰ ਐਥਲੀਟ ਅਭਿਜੋਤ ਸਿੰਘ ਸਪੁੱਤਰ ਸਤਵਿੰਦਰ ਸਿੰਘ ਤੇ ਸਿਮਰਜੀਤ ਕੌਰ ਨਿਵਾਸੀ ਭੈਣੀ ਪਸਵਾਲ ਰੰਧਾਵਾ ਕਲੋਨੀ ਦੀ ਚੋਣ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਅਧਾਰ 'ਤੇ ਵਕਾਰੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਲਈ ਹੋਈ ਹੈ | ਹੁਣ ਅਭਿਜੋਤ ਪਟਿਆਲਾ ਵਿਚ ਪੇਸ਼ੇਵਰ ਪੱਧਰ ਦੀ ਸਿਖਲਾਈ ਪ੍ਰਾਪਤ ਕਰਨਗੇ ਜੋ ਉਨ੍ਹਾਂ ਦੇ ਖੇਡ ਕਰੀਅਰ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ | ਇਸ ਸਬੰਧੀ ਪਿ੍ੰਸੀਪਲ ਪੰਕਜ ਰਾਣਾ ਨੇ ਦੱਸਿਆ ਕਿ ਅਭਿਜੋਤ ਸਿੰਘ ਨੇ ਲਗਾਤਾਰ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ, ਜਿਸ ਨੇ 69ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2025-26 ਵਿਚ ਲੁਧਿਆਣਾ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ 'ਚ 400 ਮੀਟਰ ਰਿਲੇਅ ਦੌੜ 'ਚ ਗੋਲਡ ਮੈਡਲ, ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਅਭਿਜੋਤ ਨੇ 400 ਮੀਟਰ ਤੇ 600 ਮੀਟਰ ਦੌੜ 'ਚ ਦੋ ਗੋਲਡ ਮੈਡਲ ਤੇ ਲੌਂਗ ਜੰਪ 'ਚ ਬਰੌਂਜ਼ ਮੈਡਲ, ਜ਼ੋਨਲ ਪੱਧਰ 'ਤੇ ਉਨ੍ਹਾਂ ਨੇ ਤਿੰਨੋਂ ਮੁਕਾਬਲਿਆਂ 400 ਮੀਟਰ, 600 ਮੀਟਰ ਤੇ ਲੌਂਗ ਜੰਪ 'ਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਸੀ | ਇਸ ਵਿਸ਼ੇਸ਼ ਉਪਲਬਧੀ 'ਤੇ ਸਕੂਲ ਵਿਚ ਅਭਿਜੋਤ ਸਿੰਘ ਨੂੰ ਪਟਿਆਲਾ ਲਈ ਸ਼ੁੱਭਕਾਮਨਾਵਾਂ ਦੇ ਨਾਲ ਵਿਦਾਇਗੀ ਦਿੱਤੀ ਗਈ | ਸਕੂਲ ਦੇ ਚੇਅਰਮੈਨ ਧਿਆਨ ਸਿੰਘ, ਐਮ.ਡੀ ਸਤਨਾਮ ਸਿੰਘ ਅਤੇ ਪਿ੍ੰਸੀਪਲ ਪੰਕਜ ਰਾਣਾ ਨੇ ਅਭਿਜੋਤ ਦਾ ਮੂੰਹ ਮਿੱਠਾ ਕਰਵਾਇਆ | ਪਿ੍ੰਸੀਪਲ ਰਾਣਾ ਨੇ ਕਿਹਾ ਕਿ ਕਲਗ਼ੀਧਰ ਇੰਟਰਨੈਸ਼ਨਲ ਸਕੂਲ ਕੇਵਲ ਸਿੱਖਿਆ ਹੀ ਨਹੀਂ, ਬਲਕਿ ਖੇਡਾਂ ਦੇ ਖੇਤਰ 'ਚ ਵੀ ਪੁਲਾਂਘਾਂ ਪੁੱਟ ਰਿਹਾ ਹੈ | ਇਸੇ ਦਾ ਨਤੀਜਾ ਹੈ ਕਿ ਅਭਿਜੋਤ ਸਿੰਘ ਵਰਗੇ ਵਿਦਿਆਰਥੀ ਸੂਬਾ ਪੱਧਰ 'ਤੇ ਜਗ੍ਹਾ ਬਣਾ ਰਹੇ ਹਨ | ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਅਭਿਜੋਤ ਸਿੰਘ ਨੂੰ ਵਧਾਈ ਦਿੱਤੀ |