ਗੁਰਦਾਸਪੁਰ, 19 ਫਰਵਰੀ (ਅਸ਼ੋਕ ਸ਼ਰਮਾ)-ਸਹਾਇਕ ਕਮਿਸ਼ਨਰ (ਜਨਰਲ) ਆਦਿਤਿਆ ਗੁਪਤਾ ਦੀ ਪ੍ਰਧਾਨਗੀ ਹੇਠ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਨਾਲ ਸਬੰਧਿਤ ਮੁੱਦਿਆਂ ਤੇ ਮੁਸ਼ਕਿਲਾਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ | ਸਹਾਇਕ ਕਮਿਸ਼ਨਰ (ਜ) ਆਦਿਤਿਆ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਟਰਾਂਸਜੈਂਡਰ ਪ੍ਰੋਟੈਕਸ਼ਨ ਸੈੱਲ ਦੇ ਪ੍ਰਤੀਨਿਧੀਆਂ ਬਾਬਾ ਪ੍ਰਵੀਨ ਤੇ ਬਾਬਾ ਮਮਤਾ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਜਿਹੜੀਆਂ ਸਮੱਸਿਆਵਾਂ ਦਾ ਹੱਲ ਜ਼ਿਲ੍ਹਾ ਪੱਧਰ 'ਤੇ ਸੰਭਵ ਹੈ, ਉਨ੍ਹਾਂ ਦਾ ਨਿਪਟਾਰਾ ਜਲਦ ਕਰਵਾਇਆ ਜਾਵੇਗਾ ਤੇ ਜਿਹੜੇ ਮਾਮਲੇ ਉੱਚ ਪੱਧਰ 'ਤੇ ਹੱਲ ਹੋਣ ਵਾਲੇ ਹਨ, ਉਹ ਸਬੰਧਿਤ ਵਿਭਾਗਾਂ ਦੇ ਧਿਆਨ 'ਚ ਲਿਆਂਦੇ ਜਾਣਗੇ ਤਾਂ ਜੋ ਉਨ੍ਹਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ | ਮੀਟਿੰਗ ਦਾ ਸੰਚਾਲਨ ਡੀ.ਐਸ.ਐਸ.ਓ ਡਾ: ਕਿਰਤਪ੍ਰੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਬਾਜਵਾ, ਡੀ.ਐਸ.ਪੀ ਪਲਵਿੰਦਰਜੀਤ ਕੌਰ, ਸੀ.ਡੀ.ਪੀ.ਓ ਕਲਾਨੌਰ ਹਰਜੀਤ ਕੌਰ ਆਦਿ ਹਾਜ਼ਰ ਸਨ |