ਪਠਾਨਕੋਟ, 29 ਜਨਵਰੀ (ਵਿਨੋਦ)-ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਨਗਰ ਨਿਗਮ ਦੀ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਨਗਰ ਨਿਗਮ ਨੇ ਪਠਾਨਕੋਟ ਦੀ ਸ਼ਾਂਤ ਵਿਹਾਰ ਕਾਲੋਨੀ ਵਿਚ ਗੈਰ-ਕਾਨੂੰਨੀ ਉਸਾਰੀ ਦੇ ਮਾਮਲੇ 'ਚ ਕਾਰਵਾਈ ਅਜੇ ਵੀ ਠੰਢੇ ਬਸਤੇ ਵਿਚ ਹੈ, ਜੋ ਕਿ ਇਸ ਕਾਲੋਨੀ ਵਿਚ ਉਸਾਰੀ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਸੀ | ਨਗਰ ਨਿਗਮ ਦੀ ਐਮ.ਟੀ.ਪੀ. ਸ਼ਾਖਾ ਦੇ ਕਰਮਚਾਰੀਆਂ 'ਤੇ ਗੈਰ-ਕਾਨੂੰਨੀ ਉਸਾਰੀ ਕਰਨ ਵਾਲਿਆਂ ਨੇ ਬੁਰਾ ਵਰਤਾਓ ਵੀ ਕੀਤਾ ਸੀ | ਇਸ ਤੋਂ ਬਾਅਦ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਰਾਹੁਲ ਗਗਨੇਜਾ ਤੇ ਹੋਰ ਅਧਿਕਾਰੀਆਂ ਨੇ ਗੈਰ ਕਾਨੂੰਨੀ ਉਸਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਲਈ ਡਿਪਟੀ ਕਮਿਸ਼ਨਰ ਡਾ: ਪੱਲਵੀ, ਨਗਰ ਨਿਗਮ ਦੇ ਕਮਿਸ਼ਨਰ ਨੂੰ ਇਕ ਰਿਪੋਰਟ ਸੌਂਪਣ ਦੀ ਗੱਲ ਕੀਤੀ ਸੀ | ਹੈਰਾਨੀ ਦੀ ਗੱਲ ਹੈ ਕਿ ਐਮ.ਟੀ.ਪੀ. ਸ਼ਾਖਾ ਦੇ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕਰਨ ਦੇ ਗੰਭੀਰ ਦੋਸ਼ਾਂ ਦੇ ਬਾਵਜੂਦ ਮਾਮਲਾ ਲਟਕਿਆ ਹੋਇਆ ਹੈ | ਦੱਸਣਯੋਗ ਹੈ ਕਿ 22 ਜਨਵਰੀ ਨੂੰ ਸ਼ਾਂਤ ਵਿਹਾਰ ਵਿਚ ਇਕ ਇਮਾਰਤ ਦੀ ਗੈਰ-ਕਾਨੂੰਨੀ ਉਸਾਰੀ ਚੱਲ ਰਹੀ ਸੀ | ਸੂਚਨਾ ਮਿਲਣ 'ਤੇ ਬਿਲਡਿੰਗ ਬਰਾਂਚ ਨੇ ਕਰਮਚਾਰੀਆਂ ਨੂੰ ਸਾਈਟ 'ਤੇ ਭੇਜਿਆ | ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਉਸਾਰੀ ਕਾਮਿਆਂ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਤੇ ਕੰਮ ਜਾਰੀ ਰੱਖਣ ਲਈ ਸਰਕਾਰੀ ਸੀਲ ਦੀ ਪ੍ਰਵਾਹ ਨਹੀਂ ਕੀਤੀ | ਇਸ ਤੋਂ ਬਾਅਦ ਇਕ ਕੇਸ ਦਾਇਰ ਕਰਨ ਲਈ ਤਿਆਰ ਕੀਤਾ ਗਿਆ ਸੀ, ਜੋ ਅਜੇ ਵੀ ਵਿਚਾਰ ਅਧੀਨ ਹੈ | ਜਦ ਇਸ ਸਬੰਧ ਵਿਚ ਏ.ਟੀ.ਪੀ. ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੰਸਪੈਕਟਰ ਸਮੀਰ ਨਾਲ ਗੱਲ ਕੀਤੀ ਜਾਵੇ, ਜਦੋਂ ਇਸ ਸਬੰਧ 'ਚ ਇੰਸਪੈਕਟਰ ਸਮੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਫਾਈਲ ਤਿਆਰ ਕਰ ਰਹੇ ਹਨ ਤੇ ਟਾਲ ਮਟੋਲ ਕਰ ਗਏ | ਜਦੋਂ ਇਸ ਸਬੰਧ ਵਿਚ ਨਗਰ ਨਿਗਮ ਕਮਿਸ਼ਨਰ ਕਮ ਡੀ.ਸੀ. ਡਾ: ਪੱਲਵੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਾਈਲ ਪ੍ਰਾਪਤ ਹੁੰਦੇ ਹੀ ਕਾਰਵਾਈ ਕੀਤੀ ਜਾਵੇਗੀ |