ਗੁਰਦਾਸਪੁਰ, 22 ਜਨਵਰੀ (ਚੱਕਰਾਜਾ)-ਅੱਜ ਟਰੈਫ਼ਿਕ ਪੁਲਿਸ ਵਲੋਂ ਮਨਾਏ ਜਾ ਰਹੇ ਰੋਡ ਸੇਫ਼ਟੀ ਮਹੀਨੇ ਦੇ ਸਬੰਧ 'ਚ ਆਰ.ਟੀ.ਏ. ਮੈਡਮ ਨਵਜੋਤ ਸ਼ਰਮਾ, ਏ.ਆਰ.ਟੀ.ਏ. ਸੰਗਰਾਮ ਸਿੰਘ ਤੇ ਟਰੈਫ਼ਿਕ ਇੰਚਾਰਜ ਸਤਨਾਮ ਸਿੰਘ ਵਲੋਂ ਸਾਂਝਾ ਸੈਮੀਨਾਰ ਪਨਿਆੜ ਵਿਖੇ ਲਗਾਇਆ ਗਿਆ | ਜਿਸ ਵਿਚ ਟਰੱਕ ਚਾਲਕਾਂ ਨੂੰ ਸ਼ਾਮਿਲ ਕਰਕੇ ਓਵਰਲੋਡ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਤੇ ਓਵਰਲੋਡ ਸਬੰਧੀ ਹੋਣ ਵਾਲੇ ਟਰੈਫ਼ਿਕ ਚਲਾਨ ਤੇ ਜੁਰਮਾਨੇ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ | ਉਨ੍ਹਾਂ ਰੋਡ ਸੇਫ਼ਟੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਤੇ ਸੜਕ 'ਤੇ ਚੱਲਦੇ ਸਮੇਂ ਗੱਡੀ ਖੜੀ ਕਰਨ ਸਮੇਂ ਸਹੀ ਪਾਰਕਿੰਗ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਗੱਡੀਆਂ ਦੇ ਪਿੱਛੇ ਰਿਫ਼ਲੈਕਟਰ ਟੇਪਾਂ ਤੇ ਰਿਫ਼ਲੈਕਟਰ ਲਗਾਏ ਗਏ ਤੇ ਟਰੱਕ ਚਾਲਕਾਂ ਨੂੰ ਹਮੇਸ਼ਾ ਟਰੈਫ਼ਿਕ ਰੂਲ ਦੀ ਪਾਲਨਾ ਕਰਨ ਸਬੰਧੀ ਦੱਸਿਆ ਗਿਆ | ਉਨ੍ਹਾਂ ਐਕਸੀਡੈਂਟ ਪੀੜਤ ਦੀ ਮਦਦ ਲਈ ਫ਼ਰਿਸ਼ਤੇ ਸਕੀਮ, ਹੈਲਪ ਲਾਈਨ ਨੰਬਰ 112, 1033 ਬਾਰੇ ਤੇ ਨਸ਼ੇ ਦੇ ਬੁਰੇ ਪ੍ਰਭਾਵ ਤੋਂ ਵੀ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ 31 ਜਨਵਰੀ ਤੱਕ ਜਾਰੀ ਰੱਖਿਆ ਜਾਵੇਗਾ |