ਦੀਨਾਨਗਰ, 22 ਜਨਵਰੀ (ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਜਾਰੀ ਐਨ.ਐਸ.ਐਸ ਕੈਂਪ ਦੇ ਤੀਸਰੇ, ਚੌਥੇ ਤੇ ਪੰਜਵੇਂ ਦਿਨ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਦੀ ਅਗਵਾਈ ਤੇ ਕਾਲਜ ਦੇ ਐਨ.ਐਸ.ਐਸ ਯੂਨਿਟਾਂ ਦੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰਾਂ, ਪ੍ਰੋ: ਸੁਨੀਤਾ ਵਰਮਾ, ਪ੍ਰੋ: ਸੰਗੀਤਾ ਮਲਹੋਤਰਾ, ਪ੍ਰੋ: ਜੋਤੀ ਸੈਣੀ, ਪ੍ਰੋ: ਨੇਹਾ ਸੈਣੀ ਤੇ ਡਾ: ਪੂਜਾ ਕੁਮਾਰੀ ਦੀ ਅਗਵਾਈ ਹੇਠ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਸਰਵਜਨਕ ਥਾਵਾਂ 'ਤੇ ਬੂਟੇ ਲਗਾਉਣ, ਸਫ਼ਾਈ ਮੁਹਿੰਮ ਤੇ ਜਾਗਰੂਕਤਾ ਰੈਲੀਆਂ ਕੱਢਣਾ ਸ਼ਾਮਿਲ ਸਨ | ਜਾਗਰੂਕਤਾ ਰੈਲੀਆਂ ਦੌਰਾਨ ਐਨ.ਐਸ.ਐਸ ਵਲੰਟੀਅਰਜ਼ ਨੇ ਲੋਕਾਂ ਨੂੰ ਵੱਖ- ਵੱਖ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕੀਤਾ | ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਪ੍ਰੇਰਨਾਦਾਇਕ ਭਾਸ਼ਣ 'ਚ ਸਵਾਮੀ ਵਿਵੇਕਾਨੰਦ ਦੇ ਜੀਵਨ, ਸਿੱਖਿਆਵਾਂ ਤੇ ਆਦਰਸ਼ਾਂ ਨੂੰ ਉਜਾਗਰ ਕੀਤਾ ਤੇ ਵਿਦਿਆਰਥੀਆਂ ਨੂੰ ਸਵੈ-ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਨਿਰਸਵਾਰਥ ਸੇਵਾ ਦੇ ਮਾਰਗ 'ਤੇ ਚੱਲਣ ਸਬੰਧੀ ਪ੍ਰੇਰਿਤ ਕੀਤਾ | ਰਾਸ਼ਟਰ ਨਿਰਮਾਣ 'ਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਐਨ.ਐਸ.ਐਸ ਵਲੰਟੀਅਰਾਂ ਅਤੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰਾਂ ਨੇ ਅਲੀ ਖ਼ਾਨ, ਸੈਦੀਪੁਰ, ਤਾਰਾਗੜ੍ਹ, ਬੇਗੋਵਾਲ, ਪੱਖੋਚੱਕ ਅਤੇ ਡੱਲਾ ਬਾਲੀਮ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕਮਿਊਨਿਟੀ ਆਊਟਰੀਚ ਪ੍ਰੋਗਰਾਮਾਂ 'ਚ ਸਰਗਰਮੀ ਨਾਲ ਹਿੱਸਾ ਲਿਆ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਾਈਬਰ ਅਪਰਾਧ, ਸਿਹਤ ਤੇ ਸਫ਼ਾਈ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਵਾਤਾਵਰਨ ਸੁਰੱਖਿਆ, ਸਵੱਛਤਾ ਤੇ ਸਫ਼ਾਈ ਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਜਾਗਰੂਕ ਕੀਤਾ |