ਗੁਰਦਾਸਪੁਰ, 22 ਜਨਵਰੀ (ਚੱਕਰਾਜਾ)-ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਜਤਿੰਦਰ ਗੌਰਵ ਮਸੀਹ ਵਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਦੀ ਮੌਜੂਦਗੀ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਘੱਟ ਗਿਣਤੀ ਵਰਗਾਂ ਦੇ ਲੋਕਾਂ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਤੇ ਬਕਾਇਆ ਰਹਿੰਦੇ ਕੰਮਾਂ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਰਾਜੀਵ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੇ ਸੁਖਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੌਰਾਨ 19 ਸਤੰਬਰ 2025 ਨੂੰ ਹੋਈ ਪਿਛਲੀ ਮੀਟਿੰਗ ਦੌਰਾਨ ਵਿਚਾਰੇ ਗਏ ਮਸਲਿਆਂ 'ਤੇ ਸਬੰਧਿਤ ਵਿਭਾਗਾਂ ਤੋਂ ਰਿਪੋਰਟਾਂ ਪ੍ਰਾਪਤ ਕੀਤੀਆਂ ਤੇ ਮੀਟਿੰਗ ਦੌਰਾਨ ਆਮ ਪਬਲਿਕ ਦੇ ਲੰਬਿਤ ਪਏ ਮਸਲਿਆਂ 'ਤੇ ਚੇਅਰਮੈਨ ਜਤਿੰਦਰ ਗੌਰਵ ਮਸੀਹ ਵਲੋਂ ਸਬੰਧਿਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਗਈ | ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਵਲੋਂ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਕਿ ਹੜ੍ਹਾਂ ਦੌਰਾਨ ਪ੍ਰਭਾਵਿਤ ਘਰਾਂ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇ | ਉਨ੍ਹਾਂ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਨੂੰ ਹਦਾਇਤ ਕੀਤੀ ਕਿ ਆਮ ਪਬਲਿਕ ਵਲੋਂ ਪ੍ਰਾਪਤ ਦਰਖ਼ਾਸਤਾਂ ਸਬੰਧਿਤ ਵਿਭਾਗਾਂ ਨੂੰ ਭੇਜ ਕੇ ਕੀਤੀ ਕਾਰਵਾਈ ਬਾਰੇ ਕਮਿਸ਼ਨ ਨੂੰ ਸੰਕਲਿਤ ਰਿਪੋਰਟ ਪੇਸ਼ ਕੀਤੀ ਜਾਵੇ | ਮੀਟਿੰਗ ਦੇ ਆਖ਼ਰ 'ਚ ਡਿਪਟੀ ਕਮਿਸ਼ਨਰ ਵਲੋਂ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਘੱਟ ਗਿਣਤੀ ਵਰਗ ਦੇ ਰਹਿੰਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਤੇ ਜਿਲਾ ਪ੍ਰਸ਼ਾਸਨ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ |