ਮੰਡੀ ਗੋਬਿੰਦਗੜ੍ਹ, 16 ਮਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਚ ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਦੀ ਖ਼ੁਸ਼ੀ ਵਿਚ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਦੌਰਾਨ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਅਧਿਆਪਕ ਵੇਦ ਵਲੋਂ ਪੇਸ਼ ਕੀਤੀ ਨਾਚ ਪਰਫਾਰਮੈਂਸ ਅਤੇ ਕੋਰਿਓਗ੍ਰਾਫੀ ਨੇ ਸਭ ਦਾ ਮਨ ਮੋਹ ਲਿਆ | ਇਸ ਤੋਂ ਇਲਾਵਾ ਸੰਗੀਤ ਵਿਭਾਗ ਵਲੋਂ ਪੇਸ਼ ਕੀਤੀ ਸੰਗੀਤਮਈ ਪ੍ਰਸਤੁਤੀ ਨੂੰ ਵੀ ਦਰਸ਼ਕਾਂ ਨੇ ਖ਼ੂਬ ਸਰਾਹਿਆ | ਇਸ ਮੌਕੇ ਅਧਿਆਪਕਾਂ ਦੀ ਅਗਵਾਈ ਹੇਠ ਲੜਕੀਆਂ ਵਲੋਂ ਭੰਗੜਾ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲੱਬਧੀ ਸਕੂਲ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਸਾਬਤ ਹੋਵੇਗੀ | ਸਮਾਗਮ ਵਿਚ ਮਨੋਰੰਜਨ ਲਈ ਸਿੱਕੇ ਦਾ ਸੰਤੁਲਨ ਅਤੇ ਗਰੁੱਪ ਗੇਮ ਵਰਗੀਆਂ ਰੋਚਕ ਅਤੇ ਦਿਲਚਸਪ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚ ਸਭ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਕੋਆਰਡੀਨੇਟਰ ਡਾ. ਵੈਸ਼ਾਲੀ ਗੋਇਲ, ਰੰਜਨ ਵਿਜ ਅਤੇ ਸੋਨੀਆ ਗੋਪਾਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |