ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਬਲਜਿੰਦਰ ਸਿੰਘ)-ਯੂ.ਜੀ.ਸੀ ਵਲੋਂ ਭਾਰਤ ਏ.ਆਈ ਇੰਪੈਕਟ ਸਮਿੱਟ ਲਈ ਪ੍ਰੀ-ਸਮਿੱਟ ਗਤੀਵਿਧੀਆਂ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ ਨੇ 'ਏ.ਆਈ ਅਤੇ ਇਸ ਦੀ ਨੈਤਿਕ ਵਰਤੋਂ, ਵਿਕਸਿਤ ਭਾਰਤ ਲਈ ਨਵੀਨਤਾ, ਨੈਤਿਕਤਾ ਅਤੇ ਮਨੁੱਖੀ ਪੂੰਜੀ' ਸਿਰਲੇਖ ਹੇਠ ਪ੍ਰੀ-ਸਮਿੱਟ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਵਿਚ 134 ਡੈਲੀਗੇਟਾਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚ ਵਿਦਿਆਰਥੀ, ਫੈਕਲਟੀ ਮੈਂਬਰ, ਮਾਹਿਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਿਲ ਸਨ | ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਤੇਜਬੀਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਰਾਸ਼ਟਰੀ ਮਿਸ਼ਨਾਂ ਨਾਲ ਸੰਸਥਾਗਤ ਟੀਚਿਆਂ ਨੂੰ ਇਕਸਾਰ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਪ੍ਰਧਾਨਗੀ ਭਾਸ਼ਣ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਦੁਆਰਾ ਦਿੱਤਾ ਗਿਆ, ਜਿਨ੍ਹਾਂ ਨੇ ਜ਼ਿੰਮੇਵਾਰ ਏ.ਆਈ ਅਪਣਾਉਣ ਦੁਆਰਾ ਵਿਕਸਤ ਭਾਰਤ ਦੇ ਦਿ੍ਸ਼ਟੀਕੋਣ ਵਿਚ ਯੋਗਦਾਨ ਪਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ, ਨੇ ਏ.ਆਈ ਦੇ ਅਕਾਦਮਿਕ ਏਕੀਕਰਨ 'ਤੇ ਜ਼ੋਰ ਦਿੰਦਿਆਂ ਸਮਾਗਮ ਦੀ ਸ਼ਲਾਘਾ ਕੀਤੀ | ਡਾ. ਅੰਕਦੀਪ ਕੌਰ ਅਟਵਾਲ ਡਾਇਰੈਕਟਰ ਆਈ.ਕਿਊ.ਏ.ਸੀ. ਨੇ ਇੰਡੀਆ-ਏਆਈ ਇੰਪੈਕਟ ਸਮਿੱਟ ਦੇ ਸੱਤ ਥੀਮਾਂ ਦਾ ਸੰਖੇਪ ਜਾਣਕਾਰੀ ਪੇਸ਼ ਕੀਤੀ | ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸਰਪ੍ਰੀਤ ਸਿੰਘ ਨੇ ਵਿਸ਼ੇ ਸਬੰਧੀ ਗੱਲਬਾਤ ਕੀਤੀ, ਜਿਸ ਵਿਚ ਪੇਂਡੂ ਭਾਈਚਾਰਿਆਂ ਅਤੇ ਪਹਿਲੀ ਪੀੜ੍ਹੀ ਦੇ ਸਿਖਿਆਰਥੀਆਂ ਨੂੰ ਸਸ਼ਕਤ ਬਣਾਉਣ ਵਿਚ ਏਆਈ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਗਿਆ | ਤਕਨੀਕੀ ਸੈਸ਼ਨ ਵਿਚ ਸਰੋਤ ਵਿਅਕਤੀਆਂ ਨੇ ਵਿਸ਼ੇ ਨਾਲ ਜੁੜੇ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਡਾ. ਸ਼ੀਨਾਮ ਮਲਹੋਤਰਾ ਨੇ ਸੁਰੱਖਿਅਤ ਅਤੇ ਭਰੋਸੇਮੰਦ ਏ ਆਈ 'ਤੇ ਅਕਾਦਮਿਕ ਇਮਾਨਦਾਰੀ ਅਤੇ ਨੈਤਿਕ ਏ.ਆਈ ਨੀਤੀ ਢਾਂਚੇ 'ਤੇ ਜ਼ੋਰ ਦਿੱਤਾ | ਡਾ. ਕੰਚਨ ਗਰਗ ਨੇ ਮਨੁੱਖੀ ਪੂੰਜੀ ਦੇ ਵਿਸ਼ੇ ਨੂੰ ਸੰਬੋਧਨ ਕੀਤਾ | ਡਾ. ਰਾਹੁਲ ਬਦਰੂ ਨੇ ਵਿਗਿਆਨ ਤੇ ਖੋਜ ਅਤੇ ਵਿਕਾਸ ਵਿਚ, ਖ਼ਾਸ ਕਰਕੇ ਅੰਤਰ-ਅਨੁਸ਼ਾਸਨੀ ਸੰਦਰਭਾਂ ਵਿਚ, ਏਆਈ ਦੇ ਦਾਇਰੇ ਦੀ ਪੜਚੋਲ ਕੀਤੀ | ਜਸਪ੍ਰੀਤ ਕੌਰ ਨੇ ਏ.ਆਈ ਅਭਿਆਸਾਂ ਰਾਹੀਂ ਲਚਕਤਾ ਅਤੇ ਸਥਿਰਤਾ ਦੇ ਮੁੱਦਿਆਂ ਨੂੰ ਉਜਾਗਰ ਕੀਤਾ | ਡਾ. ਬਲਜੀਤ ਕੌਰ ਨੇ ਪੰਜਾਬੀ ਭਾਸ਼ਾ ਅਤੇ ਪਹੰੁਚ ਯੋਗਤਾ ਪਹਿਲਕਦਮੀਆਂ ਲਈ ਏ.ਆਈ ਟੂਲਜ਼ 'ਤੇ ਜ਼ੋਰ ਦਿੱਤਾ ਅਤੇ ਡਾ. ਨਵ ਸ਼ਗਨ ਦੀਪ ਕੌਰ ਨੇ ਓਪਨ-ਸੋਰਸ ਪਲੇਟਫ਼ਾਰਮਾਂ ਰਾਹੀਂ ਏ.ਆਈ ਦੇ ਲੋਕਤੰਤਰੀ ਕਰਨ ਬਾਰੇ ਦੱਸਿਆ | ਸਮਾਗਮ ਦੀ ਸਮਾਪਤੀ ਜਸਪ੍ਰੀਤ ਕੌਰ ਦੇ ਧੰਨਵਾਦ ਦੇ ਮਤੇ ਨਾਲ ਹੋਈ |