09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮਾਈਕ੍ਰੋਸਾਫਟ ਦੇ ਗ੍ਰੀਨ ਕਾਰਡ ਪ੍ਰੋਗਰਾਮ ’ਤੇ ਅਮਰੀਕਾ ਦੀ ਰੋਕ

ਵਾਸ਼ਿੰਗਟਨ, 9 ਅਕਤੂਬਰ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮਾਈਕ੍ਰੋਸਾਫਟ ਸਮੇਤ ਕਈ...

ਅਜੀਤ ਡੈਸਕ 09-10-2026

ਵਾਸ਼ਿੰਗਟਨ, 9 ਅਕਤੂਬਰ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮਾਈਕ੍ਰੋਸਾਫਟ ਸਮੇਤ ਕਈ ਵੱਡੀਆਂ ਤਕਨਾਲੋਜੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਲਈ ਗ੍ਰੀਨ ਕਾਰਡ ਦੀ ਅਰਜ਼ੀ ਪ੍ਰਕਿਰਿਆ ਨਾਲ ਜੁੜੇ ਇਕ ਅਹਿਮ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਨੇ ਮਾਈਕ੍ਰੋਸਾਫਟ ਦੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਨੂੰ ਤਕਨਾਲੋਜੀ ਖੇਤਰ ’ਚ ਯੋਗਦਾਨ ਲਈ ਨੈਸ਼ਨਲ ਮੈਡਲ ਆਫ਼ ਟੈਕਨਾਲੋਜੀ ਐਂਡ ਇਨੋਵੇਸ਼ਨ ਨਾਲ ਸਨਮਾਨਿਤ ਕੀਤਾ।

ਸਨਮਾਨ ਮਿਲਣ ’ਤੇ ਨਡੇਲਾ ਨੇ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਕਨਾਲੋਜੀ ਦੇ ਵਿਕਾਸ ਤੇ ਅਮਰੀਕਾ ਦੀ ਖ਼ੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਯੋਗਦਾਨ ਪਾਉਂਦੇ ਰਹਿਣਗੇ। ਉੱਧਰ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਦੋਸ਼ ਲਾਇਆ ਕਿ ਮਾਈਕ੍ਰੋਸਾਫਟ ਨੇ ਪਿਛਲੇ ਸਾਲ ਲਗਭਗ 6,000 ਅਮਰੀਕੀ ਕਰਮਚਾਰੀਆਂ ਦੀਆਂ ਨੌਕਰੀਆਂ ਖ਼ਤਮ ਕੀਤੀਆਂ ਜਦਕਿ ਇਸੇ ਦੌਰਾਨ ਕੰਪਨੀ ਨੂੰ ਲਗਭਗ 6,300 ਐੱਚ-1ਬੀ ਵੀਜ਼ੇ ਤੇ ਕਰੀਬ 3,000 ਗ੍ਰੀਨ ਕਾਰਡ ਮਿਲੇ।

ਉਨ੍ਹਾਂ ਕਿਹਾ ਕਿ ਇਹ ਕਦਮ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਲਈ ਚੁੱਕਿਆ ਗਿਆ ਹੈ। ਇਸ ਕਾਰਵਾਈ ਦਾ ਅਸਰ ਅਡੋਬ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.), ਵਿਪਰੋ, ਐੱਚ.ਸੀ.ਐੱਲ., ਕਾਗਨਿਜ਼ੈਂਟ ਅਤੇ ਕੈਪਜੈਮਿਨੀ ਵਰਗੀਆਂ ਕੰਪਨੀਆਂ ’ਤੇ ਵੀ ਪਿਆ ਹੈ। ਅਮਰੀਕੀ ਕਿਰਤ ਵਿਭਾਗ ਨੇ ਇਨ੍ਹਾਂ ਕੰਪਨੀਆਂ ਦੀਆਂ ਨਵੀਆਂ ਅਰਜ਼ੀਆਂ ਸਵੀਕਾਰ ਕਰਨ ਤੇ ਪਹਿਲਾਂ ਤੋਂ ਲੰਬਿਤ ਅਰਜ਼ੀਆਂ ਦੀ ਪ੍ਰਕਿਰਿਆ ਰੋਕਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਐੱਚ-1ਬੀ ਵੀਜ਼ਿਆਂ ਲਈ ਦਿੱਤੀਆਂ ਗਈਆਂ ਲਗਭਗ 6,000 ਅਰਜ਼ੀਆਂ ’ਚੋਂ 80 ਫ਼ੀਸਦੀ ਮੌਜੂਦਾ ਕਰਮਚਾਰੀਆਂ ਦਾ ਵੀਜ਼ਾ ਵਧਾਉਣ ਜਾਂ ਉਨ੍ਹਾਂ ਦੀ ਸਥਿਤੀ ਬਦਲਣ ਲਈ ਸਨ, ਨਾ ਕਿ ਨਵੇਂ ਕਰਮਚਾਰੀ ਭਰਤੀ ਕਰਨ ਲਈ।

ਪਿਛਲੀ ਖ਼ਬਰ ਜੇ.ਡੀ. ਵੈਂਸ ਨੇ ਵਿਦੇਸ਼ੀ ਕਾਮਿਆਂ ਨੂੰ ਕਿਹਾ ‘ਬੰਧੂਆ ਮਜ਼ਦੂਰ’-ਭਾਰਤ ਨੇ ਜਤਾਇਆ ਸਖ਼ਤ ਇਤਰਾਜ਼ ਅਗਲੀ ਖ਼ਬਰ ਸੰਜੂ ਸੈਮਸਨ ਦਾ ਤੂਫ਼ਾਨੀ ਅਰਧ-ਸੈਂਕੜਾ, ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 250 ਦੌੜਾਂ ਦਾ ਟੀਚਾ