ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਮਨਪ੍ਰੀਤ ਸਿੰਘ)-ਸੂਬੇ ਅੰਦਰ ਸਿਹਤ ਵਿਭਾਗ ਵਲੋਂ ਟੈਲੀ-ਮਾਨਸ ਸੇਵਾਵਾਂ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਮਾਨਸਿਕ ਤਣਾਅ ਤੇ ਮਾਨਸਿਕ ਰੋਗ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਮਾਹਿਰਾਂ ਦੀ ਸਲਾਹ ਤੁਰੰਤ ਅਤੇ ਸੌਖੇ ਤਰੀਕੇ ਨਾਲ ਮਿਲ ਸਕੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦਪਾਲ ਸਿੰਘ ਨੇ ਦੱਸਿਆ ਕਿ ਟੈਲੀ-ਮਾਨਸ ਇਕ ਐਪ ਹੈ, ਜਿਸ ਵਿਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਨਸ਼ੀਲੇ ਪਦਾਰਥਾਂ ਦੀ ਵਰਤੋਂ, ਡਿਪਰੈਸ਼ਨ, ਚਿੰਤਾ, ਤਣਾਅ ਅਤੇ ਪਰਿਵਾਰਿਕ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਫ਼ੋਨ ਕਾਲ ਤੇ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਹ ਟੋਲ ਫ਼੍ਰੀ ਹੈਲਪਲਾਈਨ 24 ਘੰਟੇ ਉਪਲੱਬਧ ਹੈ | ਜਿੱਥੇ ਮਾਨਸਿਕ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਲਈ ਤਜਰਬੇਕਾਰ ਕੌਂਸਲਰਾਂ ਵਲੋਂ ਸਲਾਹ ਦਿੱਤੀ ਜਾਂਦੀ ਹੈ ਅਤੇ ਫ਼ੋਨ ਕਰਨ ਵਾਲੇ ਦੀ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਮਾਨਸਿਕ ਸਿਹਤ ਵੀ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ ਅਤੇ ਸਮੇਂ ਸਿਰ ਮਾਹਿਰਾਂ ਦੀ ਸਲਾਹ ਲੈਣ ਨਾਲ ਇਸ ਨਾਲ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਟੋਲ ਫ਼ਰੀ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਟੈਲੀ ਮਾਨਸ ਸੇਵਾਵਾਂ ਦਾ ਲਾਭ ਲੈ ਸਕਦਾ | ਉਨ੍ਹਾਂ ਦੱਸਿਆ ਕਿ ਟੈਲੀ ਮਾਨਸ ਸੇਵਾਵਾਂ ਰਾਹੀਂ ਚਿੰਤਾ, ਤਣਾਅ, ਡਿਪਰੈਸ਼ਨ, ਘਬਰਾਹਟ, ਨਸ਼ਾ ਛੁਡਾਉਣ ਸਬੰਧੀ ਸਮੱਸਿਆਵਾਂ, ਉਦਾਸੀ, ਨੀਂਦ ਨਾ ਆਉਣਾ, ਵਹਿਮ ਭਰਨ, ਪ੍ਰੀਖਿਆ ਤਣਾਅ, ਪਰਿਵਾਰਿਕ ਮੁੱਦੇ, ਆਪਣੇ ਆਪ ਨੂੰ ਮਾਰਨ ਦੇ ਵਿਚਾਰ ਆਦਿ ਬਾਰੇ ਸਲਾਹ ਮਸ਼ਵਰਾ ਜਾਂ ਹੋਰ ਮਨੋਵਿਗਿਆਨਕ ਉਲਝਣਾ ਸਬੰਧੀ ਸਿੱਧੀ ਗੱਲਬਾਤ ਰਾਹੀਂ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ | ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਵੀ ਹਿਦਾਇਤ ਕੀਤੀ ਕਿ ਇਸ ਐਪ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਵੇ | ਇਸ ਮੌਕੇ 'ਤੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਾਰੁਲ ਗੁਪਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਪਰਵਿੰਦਰ ਕੌਰ ਆਦਿ ਹਾਜ਼ਰ