ਨਵਾਂਸ਼ਹਿਰ, 7 ਮਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹੇ 'ਚ ਤਬਦੀਲ ਹੋ ਕੇ ਪਧਾਰੇ ਪੀ. ਸੀ. ਐਸ. ਅਧਿਕਾਰੀ ਰਮਨਜੀਤ ਵਲੋਂ ਆਪਣੀ ਨਵੀਂ ਡਿਊਟੀ ਸੰਭਾਲਣ ਉਪਰੰਤ ਖੂਨਦਾਨ ਕਰਨ ਦੀ ਇੱਛਾ ਜਾਹਰ ਕੀਤੀ ਤਾਂ ਅਧੀਨ ਸਟਾਫ ਵਲੋਂ ਉਨ੍ਹਾਂ ਨੂੰ ਬੀ. ਡੀ. ਸੀ. ਬਲੱਡ ਸੈਂਟਰ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤਰ੍ਹਾਂ ਉਹ ਆਪਣੀ ਧਰਮ ਪਤਨੀ ਅੰਜਲੀ ਸ਼ਰਮਾ ਤੇ ਹਰਪਾਲ ਸਿੰਘ ਸਕੱਤਰ ਰੈੱਡ ਕਰਾਸ ਨਾਲ ਬੀ. ਡੀ. ਸੀ. ਪੁੱਜੇ ਜਿਥੇ ਪ੍ਰਧਾਨ ਐਸ. ਕੇ. ਸਰੀਨ, ਸਕੱਤਰ ਜੇ. ਐਸ. ਗਿੱਦਾ, ਡਾ. ਅਜੇ ਬੱਗਾ, ਐਡਵੋਕੇਟ ਨੋਬਲ ਸਰੀਨ, ਮੈਨੇਜਰ ਮਨਮੀਤ ਸਿੰਘ, ਦਫ਼ਤਰੀ ਸਕੱਤਰ ਨਰਿੰਦਰਪਾਲ ਤੂਰ ਤੇ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ | ਬੀ. ਡੀ. ਸੀ. ਤੋਂ ਦਿਨ ਰਾਤ ਖ਼ੂਨਦਾਨ ਸੇਵਾ ਬਾਰੇ ਜਾਣਕਾਰੀ ਸਾਂਝੀ ਕਰਨ ਉਪਰੰਤ ਡਾ. ਅਜੇ ਬੱਗਾ ਦੀ ਨਿਗਰਾਨੀ ਹੇਠ ਉਨ੍ਹਾਂ ਖੂਨਦਾਨ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਦ ਵੀ ਨਵੀਂ ਡਿਊਟੀ ਮਿਲਦੀ ਹੈ ਤਾਂ ਉਹ ਖੂਨਦਾਨ ਕਰਦੇ ਹਨ | ਇਸ ਨਾਲ ਮਨ ਨੂੰ ਸੰਤੁਸ਼ਟੀ ਮਿਲਦੀ ਹੈ | ਜ਼ਿਕਰਯੋਗ ਹੈ ਕਿ ਰਮਨਜੀਤ ਪੀ. ਸੀ. ਐਸ. ਪਹਿਲਾਂ ਵੀ ਤਿੰਨ ਵਾਰੀ ਖੂਨਦਾਨ ਕਰ ਚੁੱਕੇ ਹਨ | ਬੀ. ਡੀ. ਸੀ. ਮੈਨੇਜਮੈਂਟ ਵਲੋਂ ਰਮਨਜੀਤ ਪੀ. ਸੀ. ਐਸ. ਦੀ ਨਵੀਂ ਨਿਯੁਕਤੀ 'ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |