26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਨੂੰ ਸਮਰਪਿਤ ਪੰਜਾਬ ਸਾਹਿਤ ਸਭਾ ਦੀ ਬੈਠਕ

ਅਜੀਤ ਡੈਸਕ 08-05-2026
ਨਵਾਂਸ਼ਹਿਰ, 7 ਮਈ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਵਲੋਂ ਬਿਰਹਾ ਦੇ ਸੁਲਤਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਇਕ ਵਿਸ਼ੇਸ਼ ਮੀਟਿੰਗ ਸਥਾਨਕ ਨਵਾਂਸ਼ਹਿਰ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ ਗਈਆਂ | ਵਾਸਦੇਵ ਪਰਦੇਸੀ ਹੋਰਾਂ ਨੇ 'ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਪੀੜਾਂ ਦਾ ਪਰਾਗਾ ਭੁੰਨ ਦੇ', ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਨੇ 'ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਮੁੱਖ ਗੋਰਾ ਗੁਲਾਬ ਲੈ ਬੈਠਾ' ਗੀਤ ਸੁਣਾ ਕੇ ਵਾਹ-ਵਾਹ ਖੱਟੀ | ਸਭਾ ਦੇ ਪ੍ਰਧਾਨ ਦਰਸ਼ਨ ਦਰਦੀ ਨੇ 'ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮਾਂ ਨੇ ਮਾਰਿਆ' ਰਚਨਾ ਸੁਣਾ ਕੇ ਮਾਹੌਲ ਗ਼ਮਗੀਨ ਕਰ ਦਿੱਤਾ | ਦੇਸ ਰਾਜ ਬਾਲੀ ਨੇ 'ਅੱਜ ਦਿਨ ਚੜਿ੍ਹਆ ਤੇਰੇ ਰੰਗ ਵਰਗਾ' ਅਤੇ 'ਅਸਾਂ ਤਾਂ ਜੋਬਨ ਰੁੱਤੇ ਮਰਨਾ' ਗੀਤ ਸੁਣਾ ਕੇ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ | ਮਲਕੀਤ ਜੰਡੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਰਚਨਾ ਦਾ ਵਿਸ਼ੇਸ਼ ਤੌਰ 'ਤੇ ਵਰਨਣ ਕੀਤਾ ਅਤੇ ਜਸਪ੍ਰੀਤ ਬਾਜਵਾ ਨੇ 'ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ' ਨੂੰ ਤਰੰਨਮ 'ਚ ਗਾਇਆ | ਇਸੇ ਤਰ੍ਹਾਂ ਸੁਰੀਲੀ ਗਾਇਕਾ ਪੂਨਮ ਬਾਲਾ ਨੇ ਆਪਣਾ ਨਵਾਂ ਆਇਆ ਗੀਤ 'ਅਸੀਂ ਯਾਦ ਤਾਂ ਤੈਨੂੰ ਕਰਦੇ ਹਾਂ, ਤੂੰ ਕਰਦਾ ਏ ਕਿ ਨਹੀਂ ਸਾਡਾ ਰੱਬ ਜਾਣਦੈ' ਸੁਣਾਇਆ | ਇਸ ਮੌਕੇ ਪ੍ਰਸਿੱਧ ਰਾਜ ਗੀਤਕਾਰ ਚੰਨ ਗੁਰਾਇਆਂ ਵਾਲਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸ਼ਮ੍ਹਾ ਮੱਲ੍ਹਣ, ਬੀਨਾ ਸ਼ਰਮਾ, ਡਾ. ਮਲਕੀਤ ਕੌਰ ਜੰਡੀ, ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ ਅਤੇ ਬਹਾਦਰ ਚੰਦ ਅਰੋੜਾ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਸਾਂਝੀਆਂ ਕੀਤੀਆਂ | ਸਭਾ ਦੇ ਜਨਰਲ ਸਕੱਤਰ ਦੇਸ ਰਾਜ ਬਾਲੀ ਨੇ ਆਏ ਸਾਰੇ ਕਵੀਆਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ |
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਮੁਲਾਜ਼ਮ ਹੜਤਾਲ 'ਤੇ ਅਗਲੀ ਖ਼ਬਰ ਪਰਲ ਦੀਆਂ ਜ਼ਮੀਨਾਂ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਰੋਕਣ ਲਈ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।