ਬੰਗਾ, 7 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਨਿਵੇਸ਼ਕਾਂ ਦੇ ਪੈਸਿਆਂ ਨਾਲ ਬਣਾਈਆਂ ਜ਼ਮੀਨਾਂ ਤੇ ਪ੍ਰਾਪਰਟੀਆਂ 'ਤੇ ਧੜੱਲੇ ਨਾਲ ਹੋ ਰਹੀ ਮਾਈਨਿੰਗ ਤੇ ਕਬਜ਼ਿਆਂ ਨੂੰ ਲੈ ਕੇ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਥੇਬੰਦੀ ਦੀ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਤੇ ਸਟੇਟ ਵਿੱਤ ਸਕੱਤਰ ਗੁਰਦੀਪ ਸਿੰਘ ਝਿੱਕਾ ਦੀ ਰਹਿਨੁਮਾਈ ਹੇਠ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ | ਇਸ ਸੰਬੰਧੀ ਜਥੇਬੰਦੀ ਦੇ ਸੀਨੀਅਰ ਅਹੁਦੇਦਾਰ ਅਮਰੀਕ ਸਿੰਘ ਪਠਲਾਵਾ, ਜਸਵੀਰ ਸਿੰਘ ਝਿੱਕਾ, ਡਾ. ਕੁਲਦੀਪ ਰਾਜ ਬੰਗਾ, ਰਣਜੀਤ ਸਿੰਘ ਨਵਾਂਸ਼ਹਿਰ, ਮਲਕੀਤ ਸਿੰਘ ਖਮਾਚੋਂ ਤੇ ਮੈਡਮ ਮਨਜੀਤ ਕੌਰ ਅਲਾਚੌਰ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਆਖਿਆ ਕਿ ਪੰਜਾਬ ਵਿਚ ਰਾਮਪੁਰ ਬਿਲੜੋਂ ਜ਼ਿਲ੍ਹਾ ਹੁਸ਼ਿਆਰਪੁਰ, ਧੁਨਾਨਸੂ, ਕੜਿਆਲ ਨਜ਼ਦੀਕ ਕੋਹਾੜਾ ਜ਼ਿਲ੍ਹਾ ਲੁਧਿਆਣਾ ਵਿਖੇ ਸੈਂਕੜੇ ਏਕੜ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਦਕਿ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਸਭ ਕੁਝ ਵੇਖ ਰਿਹਾ ਹੈ | ਭਗਵੰਤ ਮਾਨ ਜਦੋਂ ਸੰਗਰੂਰ ਤੋਂ ਬਤੌਰ ਮੈਂਬਰ ਪਾਰਲੀਮੈਂਟ ਹੁੰਦਿਆਂ ਪਰਲ ਨਿਵੇਸ਼ਕਾਂ ਦੀ ਅਵਾਜ਼ ਨੂੰ ਉਠਾਉਦਾ ਰਿਹਾ ਸੀ | ਸਰਕਾਰ ਬਣਨ ਦੇ ਚਾਰ ਸਾਲ ਬਾਅਦ ਵੀ ਪੈਸਾ ਤਾਂ ਕੀ ਦੁਆਉਣਾ ਸੀ ਸਗੋਂ ਕੰਪਨੀ ਦੀਆਂ ਜ਼ਮੀਨਾਂ 'ਤੇ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਵੱਡੀ ਪੱਧਰ 'ਤੇ ਹੋ ਰਹੀ ਹੈ | ਜਥੇਬੰਦੀ ਦੇ ਬੁਲਾਰਿਆਂ ਨੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜਣ ਸੰਬੰਧੀ ਅਵਤਾਰ ਸਿੰਘ ਪਠਲਾਵਾ ਤੇ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਸੋਹਣ ਲਾਲ ਢੰਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲ ਦੇ ਅਧਾਰ 'ਤੇ ਨਿਵੇਸ਼ਕਾਂ ਦੀ ਮੰਗ ਨੂੰ ਮੁੱਖ ਮੰਤਰੀ ਨਾਲ ਸਾਂਝਾ ਕਰਦਿਆਂ ਮੰਗ-ਪੱਤਰ ਸੌਂਪ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਬਣਾਏ ਕਾਨੂੰਨ ਉਪਰੰਤ ਵਾਹਿਗੁਰੂ ਜੀ ਅਤੇ ਸੰਗਤਾਂ ਦਾ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਨੂੰ ਜਾਂਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੁਝ ਸਮਾਂ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੂੰ ਸਿਜਦਾ ਕਰਨ ਲਈ ਖਟਕੜ ਕਲਾਂ ਵਿਖੇ ਰੁਕੇ ਸਨ | ਮੰਗ-ਪੱਤਰ ਦੇਣ ਮੌਕੇ ਮਲਕੀਤ ਸਿੰਘ ਲਧਾਣਾ ਉੱਚਾ, ਮਾਸਟਰ ਰਮੇਸ਼ ਕੁਮਾਰ ਪਠਲਾਵਾ, ਨਿਰਮਲ ਸਿੰਘ ਔਜਲਾ, ਹਰਭਜਨ ਸਿੰਘ ਸੂਰਾਪੁਰ, ਗੁਰਦੇਵ ਸਿੰਘ ਸੁੱਜੋਂ, ਮੋਹਣ ਸਿੰਘ ਉਸਮਾਨਪੁਰ, ਹਰਪਿੰਦਰ ਸਿੰਘ ਹੇੜੀਆਂ, ਮਨਜੀਤ ਸਿੰਘ, ਲੈਕਚਰਾਰ ਤਰਸੇਮ ਪਠਲਾਵਾ, ਮੈਡਮ ਜਸਵੀਰ ਕੌਰ ਸੂਰਾਪੁਰ ਆਦਿ ਹਜ਼ਾਰ ਸਨ |
ਪਰਲ ਦੀਆਂ ਜ਼ਮੀਨਾਂ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਰੋਕਣ ਲਈ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ
ਅਜੀਤ ਡੈਸਕ
08-05-2026