ਨਵਾਂਸ਼ਹਿਰ, 7 ਮਈ (ਜਸਬੀਰ ਸਿੰਘ ਨੂਰਪੁਰ)-ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਧਰਮਕੋਟ ਵਿਖੇ 'ਖਾਦਾਂ ਦੀ ਸੰਤੁਲਿਤ ਵਰਤੋਂ' ਮੁਹਿੰਮ ਅਧੀਨ ਜਾਗਰੂਕਤਾ ਕੈਂਪ ਲਗਾਇਆ | ਪ੍ਰੋਗਰਾਮ ਵਿਚ 48 ਕਿਸਾਨਾਂ ਨੇ ਹਿੱਸਾ ਲਿਆ | ਇਸ ਦੌਰਾਨ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਨੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਕਿਸਾਨਾਂ ਨੂੰ ਹਰੀ ਖਾਦ ਵਾਲੀਆਂ ਫ਼ਸਲਾਂ ਅਤੇ ਜੀਵਾਣੂੰ ਖਾਦਾਂ ਦੀ ਵਰਤੋਂ ਬਾਰੇ ਵੀ ਜਾਗਰੂਕ ਕੀਤਾ | ਉਨ੍ਹਾਂ ਨੇ ਕਿਸਾਨਾਂ ਨੂੰ ਕੇ. ਵੀ. ਕੇ. ਤੋਂ ਪੀ. ਏ. ਯੂ. ਵਲੋਂ ਸਿਫਾਰਸ਼ ਕੀਤੀਆਂ ਸਾਉਣੀ ਦੀਆਂ ਫਸਲਾਂ ਦੇ ਸੁਧਰੇ ਪ੍ਰਮਾਣਿਤ ਬੀਜ ਖਰੀਦਣ ਦੀ ਅਪੀਲ ਕੀਤੀ | ਤਕਨੀਕੀ ਸੈਸ਼ਨਾਂ ਨੂੰ ਜਾਰੀ ਰੱਖਦੇ ਹੋਏ, ਡਾ. ਜਸਵਿੰਦਰ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀਆਂ ਉੱਨਤ ਕਿਸਮਾਂ, ਕਾਸ਼ਤ ਦੀਆਂ ਸੁਧਰੀਆਂ ਤਕਨੀਕਾਂ ਅਤੇ ਪੀ. ਏ. ਯੂ. ਵਲੋਂ ਸਿਫਾਰਸ਼ ਝੋਨੇ ਦੀਆਂ ਕਿਸਮਾਂ ਜਿਵੇਂ ਕਿ ਪੀ. ਆਰ. 121, ਪੀ. ਆਰ., ਪੀ. ਆਰ. 128, ਪੀ. ਆਰ. 133 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਪ੍ਰੋਗਰਾਮ ਸਰਦਾਰ ਬਹਾਦਰ ਸਿੰਘ, ਉੱਘੇ ਕਿਸਾਨ, ਵਾਸੀ ਪਿੰਡ ਧਰਮਕੋਟ ਦੁਆਰਾ ਦਿੱਤੇ ਧੰਨਵਾਦ ਦੇ ਨਾਲ ਸਮਾਪਤ ਹੋਇਆ, ਜਿਨ੍ਹਾਂ ਨੇ ਕੈਂਪ ਦੌਰਾਨ ਕਿਸਾਨਾਂ ਦੀ ਡੂੰਘੀ ਦਿਲਚਸਪੀ ਤੇ ਸ਼ਮੂਲੀਅਤ ਲਈ ਪ੍ਰਸ਼ੰਸਾ ਕੀਤੀ | ਕੈਂਪ ਨੇ ਕਿਸਾਨਾਂ ਨੂੰ ਇਕ ਸਿਹਤਮੰਦ ਵਾਤਾਵਰਨ, ਬਿਹਤਰ ਮਿੱਟੀ ਦੀ ਸਿਹਤ ਤੇ ਇਕ ਟਿਕਾਊ ਖੇਤੀਬਾੜੀ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਤੇ ਸੁਧਰੇ ਬੀਜਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ |