ਔੜ, 7 ਮਈ (ਗੁਰਨਾਮ ਸਿੰਘ ਸੈਣੀ)-ਖ਼ੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਫ਼ਸਲਾਂ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਮੁਹਿੰਮ ਤਹਿਤ ਦਫ਼ਤਰ ਗੰਨਾ ਕਮਿਸ਼ਨਰ ਤੇ ਸਮੂਹ ਖੰਡ ਮਿੱਲਾਂ ਦੁਆਰਾ ਇਕ ਵਿਸ਼ੇਸ਼ ਮੁਹਿੰਮ ਤਹਿਤ ਸਹਿਕਾਰੀ ਖੰਡ ਮਿੱਲ ਸ਼ਹੀਦ ਭਗਤ ਸਿੰਘ ਨਗਰ ਅਧੀਨ ਆਉਂਦੇ ਪਿੰਡ ਬਾਜੀਦਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ | ਇਸ ਮੌਕੇ ਡਾ. ਲੇਖਰਾਜ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਲੈਣ ਲਈ ਐਗਰੀ ਸਟੈਕ ਤੇ ਆਪਣੀ ਫਾਰਮਰ ਰਜਿਸਟਰੀ ਜ਼ਰੂਰ ਕਰਵਾਉਣ | ਉਨ੍ਹਾਂ ਨੇ ਕਿਸਾਨਾਂ ਨੂੰ ਫਸਲਾਂ ਵਿਚ ਵਿਭਿੰਨਤਾ ਲਿਆਉਣ ਲਈ ਗੰਨੇ ਤੇ ਮੱਕੀ ਹੇਠ ਰਕਬਾ ਲਿਆਉਣ ਲਈ ਵੀ ਪ੍ਰੇਰਿਤ ਕੀਤਾ | ਡਾ. ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ ਔੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੀ. ਡੀ. ਪੀ. ਤੇ ਸਮੈਮ ਸਕੀਮ ਤਹਿਤ ਮਸ਼ੀਨਾਂ ਲਈ ਅਪਲਾਈ ਕਰਕੇ ਵੱਧ ਤੋਂ ਵੱਧ ਲਾਭ ਉਠਾਉਣ | ਡਾ. ਅਸ਼ਵਿੰਦਰ ਕੁਮਾਰ ਗੁਰੂ ਸਹਾਇਕ ਗੰਨਾ ਵਿਕਾਸ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ, ਆਮ ਫ਼ਸਲਾਂ ਜਿਵੇਂ ਕਣਕ ਝੋਨੇ, ਮੱਕੀ ਆਦਿ ਨਾਲੋਂ ਇਸ ਫ਼ਸਲ ਨੂੰ ਜ਼ਿਆਦਾ ਮਾਤਰਾ ਵਿਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ, ਪਰ ਗੰਨਾ ਕਾਸ਼ਤਕਾਰਾਂ ਵਲੋਂ ਸਿਫਾਰਸ਼ਾਂ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਉਨ੍ਹਾਂ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਅਗੇਤੀ ਫੋਟ ਦਾ ਗੜੂਆਂ ਅਪ੍ਰੈਲ ਤੋਂ ਜੂਨ ਤੱਕ ਹਮਲਾ ਕਰਦਾ ਹੈ | ਇਸ ਦੀ ਰੋਕਥਾਮ ਲਈ ਫਸਲ ਕੁਝ ਅਗੇਤੀ ਬੀਜਣੀ ਚਾਹੀਦੀ ਹੈ ਜੇਕਰ ਇਸ ਕੀੜੇ ਦਾ ਹਮਲਾ ਹੁੰਦਾ ਹੈ ਤਾਂ 10 ਕਿਲੋ ਰੀਜੈਂਟ ਜਾਂ 150 ਮਿਲੀ ਲੀਟਰ ਕੋਰਾਜੇਨ ਦੀ ਵਰਤੋਂ ਕੀਤੀ ਜਾ ਸਕਦੀ ਹੈ | ਆਗ ਦਾ ਗੜੂਆ ਵੀ ਮਾਰਚ ਤੋਂ ਅਕਤੂਬਰ ਤੱਕ ਹਮਲਾ ਕਰਦਾ ਹੈ ਪਰ ਜੁਲਾਈ ਅਗਸਤ ਦੌਰਾਨ ਬਹੁਤ ਹਾਨੀਕਾਰਕ ਹੁੰਦਾ ਹੈ | ਇਸ ਦੇ ਹਮਲੇ ਕਰਕੇ ਗੰਨੇ ਦੇ ਸਿਰੇ ਤੇ ਗੋਬ ਵਾਲਾ ਪੱਤਾ ਸੁੱਕ ਜਾਂਦਾ ਹੈ ਅਤੇ ਕਾਲੇ ਰੰਗ ਦਾ ਹੋ ਜਾਂਦਾ ਹੈ ਇਸ ਦੇ ਹਮਲੇ ਦੀਆਂ ਹੋਰ ਨਿਸ਼ਾਨੀਆਂ ਹਨ ਕਿ ਇਹ ਆਗ ਵਿਚ ਮੋਰੀਆਂ ਕਰ ਦਿੰਦਾ ਹੈ | ਇਸ ਦੀ ਰੋਕਥਾਮ ਵੀ ਅਗੇਤੀ ਫੋਟ ਦੇ ਗੜੂਏ ਵਾਲੀਆਂ ਦਵਾਈਆਂ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ | ਇਸ ਮੌਕੇ ਕੁਲਦੀਪ ਸਿੰਘ ਵਜੀਦਪੁਰ, ਮਲਕੀਤ ਸਿੰਘ, ਹਰਦੀਪ ਸਿੰਘ, ਕੁਲਵੰਤ ਸਿੰਘ, ਦਵਿੰਦਰ ਸਿੰਘ, ਮੱਖਣ ਸਿੰਘ, ਸਰਦਾਰ ਸਿੰਘ, ਬਹਾਦਰ ਸਿੰਘ, ਗੁਰਦਿੱਤ ਸਿੰਘ, ਹਰਬੰਸ ਸਿੰਘ, ਹਰਜਿੰਦਰ ਸਿੰਘ ਤੇ ਰਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ |