ਉੜਾਪੜ/ਲਸਾੜਾ, 14 ਅਪ੍ਰੈਲ (ਲਖਵੀਰ ਸਿੰਘ ਖੁਰਦ)-ਭਾਵੇਂ ਪੰਜਾਬ ਵਿਚ ਸਰਕਾਰ ਦੁਆਰਾ ਇੱਕ ਅਪ੍ਰੈਲ ਤੋਂ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਸਰਕਾਰੀ ਖਰੀਦ ਤੋਂ ਦੋ ਹਫਤੇ ਬਾਅਦ ਤੱਕ ਵੀ ਦਾਣਾ ਮੰਡੀਆਂ ਵਿੱਚ ਸਰਕਾਰ ਬਾਰਦਾਨਾ ਹੀ ਨਹੀ ਪਹੁੰਚਾ ਸਕੀ | ਪੰਜਾਬ ਦੇ ਮੁੱਖ ਮੰਤਰੀ ਵਲੋਂ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੀ ਫਸਲ ਦਾ ਦਾਣਾ-ਦਾਣਾ ਬਿਨਾ ਕਿਸੀ ਸਮੱਸਿਆ ਦੇ ਖਰੀਦਿਆ ਜਾਵੇਗਾ, ਪਰ ਹੁਣ ਜਦੋਂ ਮੰਡੀਆਂ ਵਿਚ ਅਜੇ ਤੱਕ ਬਾਰਦਾਨਾ ਹੀ ਨਹੀ ਪਹੁੰਚਿਆ ਤਾਂ ਆੜਤੀ ਮੰਡੀਆਂ ਵਿਚ ਆ ਰਹੀ ਕਣਕ ਨੂੰ ਕਿਥੇ ਰੱਖਣ | ਤਹਿਸੀਲ ਫਿਲੌਰ ਅਧੀਨ ਪੈਂਦੀ ਦਾਣਾ ਮੰਡੀ ਲਸਾੜਾ ਵਿਖੇ ਆੜਤੀਆਂ ਰਾਜਵੀਰ ਸਿੰਘ, ਯੁਧਵੀਰ ਸ਼ਰਮਾ, ਦਲਜੀਤ ਸਿੰਘ, ਸੁਰੇਸ਼ ਦੱਤਾ, ਮਨੂ ਸ਼ਰਮਾ, ਪਰਮਜੀਤ ਪੰਮੀ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਸਮ ਠੀਕ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ ਹੋ ਗਈ ਹੈ ਅਤੇ ਕਿਸਾਨ ਧੜਾ ਧੜ ਕਣਕ ਦੀਆਂ ਟਰਾਲੀਆਂ ਮੰਡੀ ਵਿਚ ਲਿਆ ਰਹੇ ਹਨ | ਪਰ ਸਾਡੇ ਕੋਲ ਬਾਰਦਾਨਾ ਨਾ ਹੋਣ ਕਾਰਨ ਅਸੀਂ ਕਣਕ ਨੂੰ ਕਿਸ ਤਰਾਂ ਸੰਭਾਲੀਏ | ਉਹਨਾਂ ਦੱਸਿਆ ਕਿ ਅਸੀਂ ਕਿਸਾਨ ਨੂੰ ਬਹੁਤਾ ਸਮਾਂ ਮੰਡੀ ਵਿੱਚ ਬਿਠਾ ਕੇ ਵੀ ਨਹੀ ਰੱਖ ਸਕਦੇ | ਇਸ ਲਈ ਜਿਨ੍ਹਾਂ ਆੜਤੀਆਂ ਕੋਲ ਥੋੜਾ ਬਹੁਤਾ ਆਪਣਾ ਪੁਰਾਣਾ ਬਾਰਦਾਨਾ ਪਿਆ ਹੈ ਉਹ ਪਹਿਲਾਂ ਉਸ ਵਿਚ ਭਰਾਈ ਕਰਦੇ ਹਨ ਤੇ ਬਾਅਦ ਵਿਚ ਉਸਨੂੰ ਇਕ ਥਾਂ ਢੇਰੀ ਕਰ ਲੈਂਦੇ ਹਨ ਅਤੇ ਸਰਕਾਰੀ ਬਾਰਦਾਨਾ ਮਿਲਣ 'ਤੇ ਦੁਬਾਰਾ ਫਿਰ ਉਸ ਵਿਚ ਭਰਾਈ ਕਰਨਗੇ | ਇਸ ਤਰਾਂ ਆੜ੍ਹਤੀਆਂ ਨੂੰ ਦੋਹਰੀ ਵਾਰ ਮਿਹਨਤ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਅਗਰ ਦੋ ਤਿੰਨ ਦਿਨ ਹੋਰ ਬਾਰਦਾਨਾ ਮੰਡੀਆਂ ਵਿਚ ਨਾ ਪਹੁੰਚਿਆ ਤਾਂ ਇਸ ਨਾਲ ਬਹੁਤ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ, ਕਿਉਂਕਿ ਕਣਕ ਦੀ ਕਟਾਈ ਦੋ ਤਿੰਨ ਦਿਨਾਂ ਵਿੱਚ ਹੋਰ ਤੇਜ ਹੋ ਜਾਵੇਗੀ | ਇਸ ਲਈ ਸਰਕਾਰ ਨੂੰ ਇਸ ਸਮੱਸਿਆਂ ਦਾ ਤੁਰੰਤ ਹੱਲ ਕੱਢਣ ਦੀ ਲੋੜ ਹੈ | ਇਸ ਸਬੰਧੀ ਜਦੋਂ ਡੀ.ਐਸ.ਸੀ ਜਲੰਧਰ ਨਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਹੀ ਬਾਰਦਾਨਾ ਮੰਡੀਆਂ ਵਿਚ ਪਹੁੰਚਦਾ ਕਰ ਦਿੱਤਾ ਜਾਵੇਗਾ |