ਮਜਾਰੀ/ਸਾਹਿਬਾ, 14 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਦਿਨ ਪਰ ਦਿਨ ਪੰਜਾਬ ਦੇ ਹਲਾਤ ਖਰਾਬ ਹੋਈ ਜਾਂਦੇ ਹਨ | ਚੋਰਾਂ ਵਲੋਂ ਠੱਗੀਆਂ ਮਾਰਨ ਲਈ ਨਿੱਤ ਨਵੇਂ ਢੰਗ ਵਰਤੇ ਜਾ ਰਹੇ ਹਨ | ਬੀਤੇ ਦਿਨ ਪਿੰਡ ਭਾਰਾਪੁਰ ਤੋਂ ਵਿਜੀਲੈਂਸ ਵਿਭਾਗ ਪੰਜਾਬ ਦੇ ਸਾਬਕਾ ਪੁਲਿਸ ਅਧਿਕਾਰੀ ਚਮਨ ਲਾਲ ਏ. ਐੱਸ. ਆਈ. ਬਲਾਚੌਰ ਵਿੱਚ ਹੀ ਚੋਰਾਂ ਦੀ ਨਾਟਕੀ ਢੰਗ ਨਾਲ ਠੱਗੀ ਦਾ ਸ਼ਿਕਾਰ ਹੋ ਗਏ | ਇਸ ਬਾਰੇ ਚਮਨ ਲਾਲ ਨੇ ਦੱਸਿਆ ਕਿ ਉਹ ਆਪਣਾ ਕੋਈ ਨਿੱਜੀ ਕੰਮ ਕਰਕੇ ਬਲਾਚੌਰ ਤੋਂ ਪਿੰਡ ਭਾਰਾਪੁਰ ਨੂੰ ਆਪਣੇ ਸਕੂਟਰ 'ਤੇ ਦੁਪਹਿਰ ਦੋ ਵਜੇ ਦੇ ਕਰੀਬ ਆ ਰਹੇ ਸਨ | ਜਦੋਂ ਵਾਰਡ ਨੰ. 1 ਸਿਆਣਾ ਦੇ ਪੈਟਰੋਲ ਪੰਪ ਤੋਂ ਥੋੜਾ ਅੱਗੇ ਲੰਘੇ ਤਾਂ ਸੜਕ ਦੇ ਉੱਤੇ ਮਾਰਕੀਟ ਦੇ ਵਿਚ ਦੋ ਬੰਦਿਆਂ ਜਿਨ੍ਹਾਂ ਵਿਚ ਇਕ ਸਿਰੋਂ ਮੋਨਾ ਤੇ ਇਕ ਨੇ ਸਿਰ 'ਤੇ ਹਰੀ ਪੱਗ ਬੰਨ੍ਹੀ ਹੋਈ ਸੀ | ਜਿਨਾਂ ਕੋਲ ਚਿੱਟੇ ਰੰਗ ਦੀ ਕਾਰ ਸੀ | ਉਨ੍ਹਾਂ ਨੇ ਹੱਥ ਦੇ ਕੇ ਰੋਕ ਲਿਆ ਤੇ ਕਹਿੰਦੇ ਸਾਡੀ ਗੱਡੀ ਖਰਾਬ ਹੋ ਗਈ ਹੈ | ਇਥੇ ਸਾਨੂੰ ਕੋਈ ਮਿਸਤਰੀ ਦੱਸਿਓ | ਚਮਨ ਲਾਲ ਨੇ ਦੱਸਿਆ ਕਿ ਮੈਨੂੰ ਇਸ ਬਾਰੇ ਪਤਾ ਨਹੀ ਹੈ | ਇੰਨੇ ਚਿਰ ਵਿੱਚ ਦੋ ਹੋਰ ਮੋਨੇ ਮੁੰਡੇ ਆ ਗਏ ਜਿਨ੍ਹਾਂ ਨੇ ਦਾੜੀਆਂ ਕੱਟੀਆਂ ਹੋਈਆਂ ਸਨ | ਉਹ ਵੀ ਖੜ੍ਹ ਗਏ ਤੇ ਦੋਨਾਂ ਨੇ ਮੇਰੇ ਨਾਲ ਹੱਥ ਮਿਲਾਇਆ | ਉਹ ਵੀ ਮੇਰੇ ਨਾਲ ਗੱਲਾਂ ਕਰਨ ਲੱਗ ਪਏ | ਕੁਝ ਹੀ ਸਮੇਂ ਵਿਚ ਉਨ੍ਹਾਂ ਨਾਲ ਦਾ ਇੱਕ ਮੁੰਡਾ ਹੋਰ ਆ ਗਿਆ | ਸਾਰੇ ਮੇਰੇ ਆਲੇ ਦੁਆਲੇ ਖੜ੍ਹ ਗਏ ਤੇ ਉਨ੍ਹਾਂ ਮੇਰੇ ਹੱਥ ਵਿਚ ਪਾਈ ਇਕ ਤੋਲੇ ਸੋਨੇ ਦੀ ਮੁੰਦਰੀ ਜਬਰਦਸਤੀ ਖੋਲ੍ਹ ਲਈ ਤੇ ਗੜ੍ਹਸ਼ੰਕਰ ਵੱਲ ਨੂੰ ਗੱਡੀ ਤੇ ਮੋਟਰਸਾਈਕਲ 'ਤੇ ਫਰਾਰ ਹੋਏ | ਉਨ੍ਹਾਂ ਦੱਸਿਆ ਕਿ ਮੈਂ ਰੋਲਾ ਪਾਇਆ ਤਾਂ ਨੇੜੇ ਦੇ ਦੁਕਾਨਦਾਰ ਆ ਗਏ ਤੇ ਮੈਂ ਸਾਰੀ ਉਨ੍ਹਾਂ ਨੂੰ ਹੱਡ ਬੀਤੀ ਕਹਾਣੀ ਦੱਸੀ | ਤਸਵੀਰ 14 ਨਵਾਂਸ਼ਹਿਰ 17