ਬਲਾਚੌਰ, 14 ਅਪ੍ਰੈਲ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ) - ਫੂਡ ਸੇਫਟੀ ਵਿਭਾਗ ਵੱਲੋਂ ਬਲਾਚੌਰ ਵਿਖੇ ਦੁੱਧ ਦੀਆਂ ਡੇਅਰੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਨਾਲ ਸਬੰਧਤ ਫੂਡ ਸੇਫਟੀ ਵਿਭਾਗ ਦੇ ਮਿਆਰਾਂ/ਮਾਪਦੰਡਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਫੂਡ ਸੇਫਟੀ ਵਿਭਾਗ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਕੰਵਲਪ੍ਰੀਤ ਬਰਾੜ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਚੈੱਕ ਕਰਨ, ਦੁਕਾਨਦਾਰਾਂ ਨੂੰ ਮਾਪਦੰਡਾਂ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਕੋਈ ਵੀ ਦੁਕਾਨਦਾਰ/ਗਾਹਕ, ਫੂਡ ਸੇਫਟੀ ਵਿਭਾਗ ਨੂੰ ਖਾਧ-ਪਦਾਰਥ ਚੈੱਕ ਕਰਵਾਉਣ ਲਈ ਸੈਂਪਲ ਆਪਣੇ ਤੌਰ 'ਤੇ ਦੇ ਸਕਦਾ ਹੈ | ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਵੱਲੋਂ ਡੇਅਰੀਆਂ ਦੇ ਨੁਮਾਇੰਦਿਆਂ ਨੂੰ , ਵਿਸ਼ੇਸ਼ ਤੌਰ 'ਤੇ ਪਨੀਰ ਦੀ ਗੁਣਵੱਤਾ 'ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ | ਭਰੋਸੇਯੋਗ ਸੂਤਰਾਂ ਤੋਂ ਦੁੱਧ ਦੀ ਖਰੀਦ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ | ਡੇਅਰੀਆਂ ਵਿੱਚ ਖੁਦ ਪਨੀਰ ਤਿਆਰ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕਈ ਦੁਕਾਨਦਾਰਾਂ ਵੱਲੋਂ ਖਾਧ-ਪਦਾਰਥਾਂ ਦੇ ਸੈਂਪਲ ਵੀ ਟੈਸਟਿੰਗ ਲਈ ਦਿੱਤੇ ਗਏ | ਇਹ ਮੁਹਿੰਮ ਵਿਭਾਗ ਵੱਲੋਂ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਜੋ ਮਿਲਾਵਟੀ ਖਾਧ-ਪਦਾਰਥਾਂ ਦੀ ਵਿਕਰੀ 'ਤੇ ਰੋਕ ਲਗਾਈ ਜਾ ਸਕੇ ਅਤੇ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ |