ਬੰਗਾ, 1 ਅਪ੍ਰੈਲ (ਧਰਮਵੀਰ ਪਾਲ)-ਇੰਡੀਅਨ ਜਰਨਲਿਸਟਸ ਯੂਨੀਅਨ ਦੀ 11ਵੀਂ ਨੈਸ਼ਨਲ ਪਲੈਨਰੀ ਨੇ ਵਿਜੇਵਾੜਾ 'ਚ ਆਪਣੀ ਨਵੀਂ ਰਾਸ਼ਟਰੀ ਕਾਰਜਕਾਰੀ ਕਮੇਂਟੀ ਦਾ ਐਲਾਨ ਕੀਤਾ ਹੈ ਅਤੇ ਇਸ ਮੌਕੇ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਪੰਜਾਬ ਦੇ ਬਲਵਿੰਦਰ ਸਿੰਘ ਜੰਮੂ ਨੇ ਕੌਮੀ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਡੀ. ਸੋਮ ਸੁੰਦਰ ਨੇ ਸਕੱਤਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਬਾਅਦ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਸੰਬੋਧਨ ਕਰਦਿਆਂ ਪੱਤਰਕਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੂਬਾ ਪੱਧਰ 'ਤੇ ਸੈਮੀਨਾਰ ਅਤੇ ਕਨਵੈੱਨਸ਼ਨਾਂ ਕਰ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਚੋਣ ਅਧਿਕਾਰੀ ਸੀਨੀਅਰ ਪੱਤਰਕਾਰ ਐੱਮ.ਏ. ਮਾਜ਼ਿਦ ਨੇ ਨਤੀਜਿਆਂ ਦਾ ਐਲਾਨ ਕੀਤਾ, ਜਿਸ 'ਚ ਪੰਜਾਬ ਦੇ ਇਕ ਹੋਰ ਸੀਨੀਅਰ ਆਗੂ ਬਲਬੀਰ ਸਿੰਘ ਜੰਡੂ ਕੌਮੀ ਖ਼ਜ਼ਾਨਚੀ, ਅਮਰ ਮੋਹਨ ਪ੍ਰਸਾਦ ਬਿਹਾਰ ਅਤੇ ਵਾਈ. ਨਰਿੰਦਰ ਰੈਡੀ ਤੇਲੰਗਾਨਾ ਕੌਮੀ ਮੀਤ ਪ੍ਰਧਾਨ ਅਤੇ ਨਰਿੰਦਰ ਭਾਰਦਵਾਜ ਉੱਤਰ ਪ੍ਰਦੇਸ਼, ਡੀ. ਐੱਸ. ਆਰ ਸੁਭਾਸ਼ ਤਾਮਿਲਨਾਡੂ ਤੇ ਪੀ. ਭਾਸਕਰ ਰੈਡੀ ਕਰਨਾਟਕ ਨੂੰ ਨਿਰਵਿਰੋਧ ਕੌਮੀ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ ਗਿਆ | ਪੰਜਾਬ ਦੀ ਸੀਨੀਅਰ ਪੱਤਰਕਾਰ ਬਿੰਦੂ ਸਿੰਘ ਸਮੇਤ ਹੋਰ ਰਾਜਾਂ ਦੇ 14 ਮੈਂਬਰਾਂ ਨੂੰ ਵੀ ਕੌਮੀ ਕਾਰਜਕਾਰਨੀ ਲਈ ਚੁਣਿਆ ਗਿਆ | ਪੰਜਾਬ ਅਤੇ ਚੰਡੀਗੜ੍ਹ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਸਮੇਤ ਦੂਜੇ ਸੂਬਿਆਂ ਦੇ ਪ੍ਰਧਾਨ ਅਤੇ ਸਕੱਤਰ ਜਨਰਲ ਵੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਲ ਕੀਤੇ ਗਏ ਹਨ | ਪੰਜਾਬ ਦੀ ਆਗੂ ਟੀਮ ਵਲੋਂ ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਕੇ. ਸ੍ਰੀ ਨਿਵਾਸ ਰੈਡੀ, ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਤੇ ਸਕੱਤਰ ਜਨਰਲ ਡੀ. ਸੋਮ ਸੁੰਦਰ ਦਾ ਸਨਮਾਨ ਕੀਤਾ ਗਿਆ |