ਬੰਗਾ, 22 ਜਨਵਰੀ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਮੈਂਬਰਾਂ ਦੀ ਹਾਜ਼ਰੀ 'ਚ ਛੇਵਾਂ ਬਲੱਡ ਸ਼ੂਗਰ ਜਾਂਚ ਕੈਂਪ ਪਾਲ ਲੈਬੋਰਟਰੀ ਬੰਗਾ ਵਿਖੇ ਲਗਾਇਆ ਗਿਆ | ਡਾਇਬਟੀਜ਼ ਚੇਅਰਮੈਨ ਅਮਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 53 ਮਰੀਜ਼ਾਂ ਦੀ ਸ਼ੁਗਰ ਟੈਸਟ ਕੀਤੀ ਗਈ, ਜਿਸ ਵਿੱਚ 9 ਮਰੀਜ਼ਾਂ ਦੀ ਸ਼ੁਗਰ ਦੀ ਬੀਮਾਰੀ ਸਾਹਮਣੇ ਆਈ ਅਤੇ ਉਨ੍ਹਾਂ ਨੂੰ ਸਪੈਸ਼ਲਿਸਟ ਡਾਕਟਰ ਕੋਲ ਇਲਾਜ਼ ਕਰਵਾਉਣ ਅਤੇ ਪ੍ਰਹੇਜ਼ ਕਰਨ ਅਤੇ ਕਸਰਤ ਕਰਨ ਲਈ ਕਿਹਾ ਗਿਆ | ਪ੍ਰਧਾਨ ਮੀਨੂੰ ਭੁੱਟਾ ਨੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਲਗਾਇਆ ਸ਼ੂਗਰ ਕੈਂਪ ਇੱਕ ਸ਼ਲਾਘਾਯੋਗ ਕਾਰਜ ਹੈ | ਦੇਸ਼ ਅੰਦਰ ਹਰ ਸਾਲ ਸ਼ੂਗਰ ਦੇ ਮਰੀਜ਼ਾ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ |