ਰੱਤੇਵਾਲ, 22 ਜਨਵਰੀ (ਅਸ਼ੋਕ ਕੁਮਾਰ ਲੀਲ)-ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦੇਣ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 1 ਜਨਵਰੀ ਤੋਂ 31 ਜਨਵਰੀ ਤੱਕ ਵਿਸ਼ੇਸ਼ ਅਭਿਆਨ ਚਲਾ ਕੇ ਟ੍ਰੈਫਿਕ ਨਿਯਮਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ | ਜਿਸ ਤਹਿਤ ਏ.ਐਨ.ਓ ਹਰਪ੍ਰੀਤ ਕੌਰ ਰਾਇਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਦੀ ਅਗਵਾਈ 'ਚ 23 ਪੀ. ਬੀ, ਬੀ. ਐਨ, ਐੱਨ. ਸੀ. ਸੀ, ਏ. ਸੀ ਰੂਪਨਗਰ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਜਾਗਰੂਕਤਾ ਰੈਲੀ ਕੱਢੀ | ਜਿਸ 'ਚ ਆਰ.ਟੀ.ਓ ਇੰਦਰਪਾਲ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਨੇ ਇਸ ਰੈਲੀ ਦੀ ਅਗਵਾਈ ਕੀਤੀ ਅਤੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦਾ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਐਕਸੀਡੈਂਟ ਰਾਹੀਂ ਮੌਤਾਂ ਹੋ ਜਾਂਦੀਆਂ ਹਨ | ਜਿਨ੍ਹਾਂ 'ਤੇ ਕਾਬੂ ਪਾਉਣ ਲਈ ਟ੍ਰੈਫਿਕ ਨਿਯਮਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ | ਰੈਲੀ ਵਿੱਚ ਸ਼ਾਮਿਲ ਬੱਚਿਆਂ ਵੱਲੋਂ ਆਰ.ਟੀ.ਓ ਅਤੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਸਮੇਤ ਪ੍ਰਣ ਲਿਆ ਗਿਆ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦੇਵਾਂਗੇ | ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਏ.ਐੱਸ.ਆਈ ਪ੍ਰਦੀਪ ਕੁਮਾਰ, ਟ੍ਰੈਫਿਕ ਇੰਚਾਰਜ ਏ.ਐੱਸ.ਆਈ ਜੋਗਿੰਦਰ ਪਾਲ ਨੇ ਐੱਨ.ਸੀ.ਸੀ ਕੈਡਿਟਾਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਕਪਿਲ ਰਾਘਵ ਮੈਨੇਜਰ ਟੋਲ ਪਲਾਜ਼ਾ ਬੱਛੂਆਂ, ਮੰਗਾ ਖੱਤਰੀ ਪ੍ਰਧਾਨ ਸ਼ੇਰ-ਏ-ਪੰਜਾਬ ਟੋਲ ਯੂਨੀਅਨ ਬੱਛੂਆਂ ਅਤੇ ਹਰਪ੍ਰੀਤ ਸਿੰਘ ਮੌਕੇ 'ਤੇ ਮੌਜੂਦ ਰਹੇ |