25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਾਰ ਨੂੰ ਲੱਗੀ ਭਿਆਨਕ ਅੱਗ, ਅੱਧੀ ਰਾਤ ਹੋਏ ਸੜਕ ਹਾਦਸੇ ਵਿਚ ਪਿੰਡ ਚਕਰ ਦਾ ਨੌਜਵਾਨ ਜਿੰਦਾ ਸੜਿਆ

ਅਜੀਤ ਡੈਸਕ 20-02-2026

• ਦੋ ਨਿੱਕੇ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਜਗਰਾਉਂ, 19 ਫਰਵਰੀ (ਗੁਰਦੀਪ ਸਿੰਘ ਮਲਕ)-ਨੇੜਲੇ ਪਿੰਡ ਚਕਰ ਦੇ ਰਹਿਣ ਵਾਲੇ 35 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ | ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਗੁਰਪ੍ਰੀਤ ਦੀ ਕਾਰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ, ਜਿਸ ਕਾਰਨ ਗੱਡੀ ਨੂੰ ਭਿਆਨਕ ਅੱਗ ਲੱਗ ਗਈ | ਕਾਰ ਵਿਚ ਅੱਗ ਲੱਗਣ ਕਾਰਨ ਗੁਰਪ੍ਰੀਤ ਸਿੰਘ ਅੰਦਰ ਹੀ ਜਿੰਦਾ ਸੜ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ | ਮਿ੍ਤਕ ਗੁਰਪ੍ਰੀਤ ਸਿੰਘ ਆਪਣੇ ਪਿੱਛੇ 11 ਸਾਲ ਅਤੇ 6 ਸਾਲ ਦੇ ਦੋ ਮਾਸੂਮ ਪੁੱਤਰ ਛੱਡ ਗਿਆ ਹੈ | ਇਸ ਦਰਦਨਾਕ ਹਾਦਸੇ ਨਾਲ ਪਿੰਡ ਚਕਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਮਿ੍ਤਕ ਦੇ ਚਾਚੇ ਦੇ ਪੁੱਤਰ ਦੀਨਦਿਆਲ ਸਿੰਘ, ਜੋ ਕਿ ਸਥਾਨਕ ਡੀ.ਐੱਸ.ਪੀ. ਜਗਰਾਉਂ ਦੇ ਰੀਡਰ ਹਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਜਗਰਾਉਂ ਦੀ ਇਕ ਪ੍ਰਸਿੱਧ ਕੰਪਿਊਟਰ ਸ਼ਾਪ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਨਾਲ-ਨਾਲ ਡਰਾਈਵਿੰਗ ਦਾ ਕੰਮ ਵੀ ਕਰਦਾ ਸੀ | ਕਈ ਵਾਰ ਦੁਕਾਨ 'ਤੇ ਦੇਰ ਰਾਤ ਤੱਕ ਕੰਮ ਹੋਣ ਕਾਰਨ ਦੁਕਾਨ ਮਾਲਕ ਉਸ ਨੂੰ ਆਪਣੀ ਅਰਟਿਗਾ ਕਾਰ ਪਿੰਡ ਚਕਰ ਜਾਣ ਲਈ ਦੇ ਦਿੰਦੇ ਸਨ | ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਗੁਰਪ੍ਰੀਤ ਸਿੰਘ ਜਗਰਾਉਂ ਤੋਂ ਚਕਰ ਵੱਲ ਵਾਪਸ ਜਾ ਰਿਹਾ ਸੀ | ਦੁਕਾਨ ਮਾਲਕ ਵਲੋਂ ਦਿੱਤੀ ਆਰਟਿਗਾ ਕਾਰ ਵਿਚ ਉਹ ਇਕੱਲਾ ਹੀ ਸਫ਼ਰ ਕਰ ਰਿਹਾ ਸੀ | ਇਸ ਦੌਰਾਨ ਰਾਤ ਕਰੀਬ 12:30 ਵਜੇ ਕੋਠੇ ਰਾਹਲਾਂ ਕੋਲ ਅਚਾਨਕ ਹਾਦਸਾ ਵਾਪਰ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਦਾ ਬੇਅਰਿੰਗ ਟੁੱਟਣ ਕਾਰਨ ਅਗਲਾ ਟਾਇਰ ਵਾਹਨ ਤੋਂ ਵੱਖ ਹੋ ਗਿਆ | ਇਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਇਕ ਦਰੱਖ਼ਤ ਨਾਲ ਜਾ ਟਕਰਾਈ ਅਤੇ ਪਲਟ ਗਈ | ਟਕਰਾਉਣ ਦੇ ਤੁਰੰਤ ਬਾਅਦ ਗੱਡੀ ਨੂੰ ਭਿਆਨਕ ਅੱਗ ਲੱਗ ਗਈ | ਅੱਗ ਇੰਨੀ ਤੇਜ਼ ਸੀ ਕਿ ਗੁਰਪ੍ਰੀਤ ਸਿੰਘ ਗੱਡੀ ਵਿਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਅੰਦਰ ਹੀ ਜਿੰਦਾ ਸੜ ਗਿਆ |

ਪਿਛਲੀ ਖ਼ਬਰ ਥਾਣਾ ਦਾਖਾ ਐੱਸ.ਐੱਚ.ਓ. ਦਾ ਅਹੁਦਾ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਸੰਭਾਲਿਆ ਅਗਲੀ ਖ਼ਬਰ ਵਿਧਾਨ ਸਭਾ ਦੀ ਐੱਸ.ਸੀ, ਐੱਸ.ਟੀ. ਤੇ ਬੀ.ਸੀਜ਼ ਲਈ ਭਲਾਈ ਕਮੇਟੀ ਵਲੋਂ ਕੇਂਦਰ ਤੇ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।