ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਪੱਤਰਕਾਰਾਂ ਖ਼ਿਲਾਫ਼ ਵਧ ਰਹੇ ਹਮਲਿਆਂ ਦੀ ਨਿੰਦਾ
ਅਜੀਤ ਡੈਸਕ
30-01-2026
ਮੁੱਲਾਂਪੁਰ-ਦਾਖਾ, 29 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੂਬਾਈ ਵਰਕਿੰਗ ਕਮੇਟੀ ਨੇ ਦੇਸ਼ ਭਰ ਵਿਚ ਪੱਤਰਕਾਰਾਂ ਖ਼ਿਲਾਫ਼ ਵਧ ਰਹੇ ਫਾਸ਼ੀਵਾਦੀ ਹਮਲਿਆਂ ਅਤੇ ਪ੍ਰੈੱਸ ਦੀ ਅਜ਼ਾਦੀ ਦਾ ਗਲਾ ਘੁੱਟਣ ਦੀ ਜ਼ੋਰਦਾਰ ਨਿੰਦਾ ਕੀਤੀ ਹੈ | ਰਾਜ ਭਰ 'ਚ ਕਈ ਪੱਤਰਕਾਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰਨ ਅਤੇ ਜੰਮੂ-ਕਸ਼ਮੀਰ ਵਿਖੇ ਪੱਤਰਕਾਰਾਂ ਦੇ ਘਰਾਂ ਦੀ ਤਲਾਸ਼ੀ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਕਰਾਰ ਦਿੱਤਾ ਹੈ | ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜਥੇਬੰਦੀ ਦੇ ਚੇਅਰਮੈਨ ਬਲਬੀਰ ਜੰਡੂ, ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ 'ਚ ਡਿਜ਼ੀਟਲ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਜਥੇਬੰਦੀ ਦਾ ਹਿੱਸਾ ਬਣਾਉਣ ਲਈ ਸੁਖਨੈਬ ਸਿੰਘ ਸਿੱਧੂ ਨੂੰ ਪੰਜ ਮੈਂਬਰੀ ਸਬ-ਕਮੇਟੀ ਦਾ ਕਨਵੀਨਰ ਨਿਯੁਕਤ ਕੀਤਾ ਗਿਆ, ਕਮੇਟੀ ਜਲਦੀ ਹੀ ਆਪਣੀ ਰਿਪੋਰਟ ਪੇਸ਼ ਕਰੇਗੀ | ਮੀਡੀਆ ਦੀ ਸਥਿਤੀ, ਸੂਬੇ ਦੇ ਪੱਤਰਕਾਰਾਂ ਦੀਆਂ ਮੰਗਾਂ ਪ੍ਰਤੀ ਸੂਬਾ ਅਤੇ ਕੇਂਦਰ ਸਰਕਾਰ ਦੇ ਰਵੱਈਏ ਬਾਰੇ ਵੱਖ-ਵੱਖ ਜ਼ਿਲਿ੍ਹਆਂ ਵਿਚ ਵਿਸ਼ੇਸ਼ ਸਮਾਗਮ, ਸੈਮੀਨਾਰ ਅਤੇ ਮੀਟਿੰਗਾਂ ਕਰਕੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫ਼ੈਸਲਾ ਹੋਇਆ | ਜਥੇਬੰਦੀ ਵਲੋਂ ਗੁਰਤੇਜ ਸਿੰਘ ਸਿੱਧੂ (ਬਠਿੰਡਾ) ਅਤੇ ਮਹਿੰਦਰ ਸਿੰਘ ਰਾਏ (ਬਰਨਾਲਾ) ਨੂੰ ਸੂਬਾ ਵਰਕਿੰਗ ਕਮੇਟੀ ਵਿਚ ਵਿਸ਼ੇਸ਼ ਆਮੰਤਰਿਤ ਮੈਂਬਰ ਅਤੇ ਗੁਰਤੇਜ ਸਿੰਘ ਸਿੱਧੂ ਨੂੰ ਮੁਕਤਸਰ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਸੂਬਾ ਸਕੱਤਰ ਸੰਤੋਖ ਗਿੱਲ ਅਨੁਸਾਰ ਜਥੇਬੰਦੀ ਦਾ ਹੋਰ ਜ਼ਿਲਿ੍ਹਆਂ ਵਿਚ ਵਿਸਥਾਰ ਅਤੇ ਮੈਂਬਰਸ਼ਿਪ ਮੁਹਿੰਮ ਹੋਰ ਤੇਜ਼ ਕਰਨ ਦੇ ਨਾਲ ਕੌਮਾਂਤਰੀ ਇਸਤਰੀ ਦਿਵਸ ਮੌਕੇ 8 ਮਾਰਚ ਨੂੰ ਚੰਡੀਗੜ੍ਹ ਸਮੇਤ ਵੱਖ-ਵੱਖ ਥਾਂਵਾਂ ਉੱਪਰ ਸੈਮੀਨਾਰ ਕੀਤੇ ਜਾਣਗੇਂ | ਮੀਟਿੰਗ ਸਮੇਂ ਮੀਤ ਪ੍ਰਧਾਨ ਭੂਸ਼ਨ ਸੂਦ, ਜਥੇਬੰਦਕ ਸਕੱਤਰ ਦਵਿੰਦਰ ਭੰਗੂ, ਜਗਸੀਰ ਸੰਧੂ, ਜਸਵੰਤ ਸਿੰਘ ਥਿੰਦ, ਸਕੱਤਰ ਐੱਨ.ਪੀ. ਧਵਨ, ਵੀਰਪਾਲ ਭਗਤਾ ਸਮੇਤ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਤੀਨਿਧ ਮੌਜੂਦ ਰਹੇ | ਜਾਣਕਾਰੀ ਅਨੁਸਾਰ ਇੰਡੀਅਨ ਜਰਨਲਿਸਟ ਯੂਨੀਅਨ ਦੇ ਵਿਜੇਵਾੜਾ ਵਿਖੇ ਹੋਣ ਵਾਲੇ ਕੌਮੀ ਸੰਮੇਲਨ ਵਿਚ ਪੰਜਾਬ ਦੇ ਇਕ ਦਰਜਨ ਡੈਲੀਗੇਟ ਹਿੱਸਾ ਲੈਣਗੇ |