ਜਗਰਾਉਂ, 29 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪੁਲਿਸ ਹਿਰਾਸਤ 'ਚ ਤਸ਼ੱਦਦ ਖਿਲਾਫ਼ ਇਨਸਾਫ਼ ਦੀ ਲੜ੍ਹਾਈ ਲੜ੍ਹ ਰਹੇ ਪੀੜਤਾਂ ਵਲੋਂ ਗਣਤੰਤਰ ਦਿਵਸ ਮੌਕੇ ਥਾਣੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੀੜ੍ਹਤ ਦਰਸ਼ਨ ਸਿੰਘ ਧਾਲੀਵਾਲ, ਇਕਬਾਲ ਸਿੰਘ ਰਸੂਲਪੁਰ ਅਤੇ ਧਰਨਾਕਾਰੀ ਜਥੇਬੰਦੀਆਂ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਚਕਰ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਧਾਲੀਵਾਲ, ਜ਼ਬਰ ਵਿਰੋਧੀ ਤਾਲਮੇਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮੁੱਲਾਂਪੁਰ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਸਾਬਕਾ ਚੇਅਰਮੈਨ ਮਲਕੀਤ ਸਿੰਘ ਰੂੰਮੀ ਨੇ ਸਥਾਨਕ ਥਾਣੇ ਮੂਹਰੇ 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਉਣ ਉਪਰੰਤ ਦੱਸਿਆ ਕਿ 26 ਜਨਵਰੀ ਦਾ ਦਿਨ ਦੇਸ਼ ਵਿਚ 'ਗਣਤੰਤਰ ਦਿਵਸ' ਵਜੋਂ ਮਨਾਇਆ ਜਾਂਦਾ ਹੈ ਅਤੇ ਸਰਕਾਰੀ ਬਾਬੂ ਸਟੇਜ਼ਾਂ 'ਤੇ ਸੰਵਿਧਾਨ ਮੁਤਾਬਕ ਨਿਆਂ ਦੇਣ ਦੇ ਦਾਅਵੇ ਕਰਦੇ ਨਹੀਂ ਥੱਕਦੇ, ਪਰ ਹਕੀਕਤ ਇਹ ਹੈ ਕਿ ਏਥੇ ਪੀੜਤਾਂ ਨੂੰ ਸਾਲਾਂ ਬੱਧੀ ਧਰਨੇ ਦੇਣ ਤੋਂ ਬਾਅਦ ਵੀ ਨਿਆਂ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਥਾਣੇ ਮੂਹਰੇ ਪਿਛਲੇ ਚਾਰ ਸਾਲਾਂ ਤੋਂ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ | ਇਸ ਸਮੇਂ ਪੀੜ੍ਹਤਾ ਸੁਰਿੰਦਰ ਕੌਰ, ਕਰਮਜੀਤ ਕੌਰ, ਸੋਹਣ ਸਿੰਘ ਸਵੱਦੀ, ਜਥੇਦਾਰ ਜਸਵੰਤ ਸਿੰਘ ਢੱਟ, ਡਾਕਟਰ ਗੁਰਮੇਲ ਸਿੰਘ ਕੁਲਾਰ, ਗੁਰਚਰਨ ਸਿੰਘ ਤਲਵੰਡੀ, ਸੂਬੇਦਾਰ ਸਿੰਘ ਲੀਲਾਂ ਆਦਿ ਹਾਜ਼ਰ ਸਨ |