ਮੁੱਲਾਂਪੁਰ-ਦਾਖਾ, 29 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮਹਾਨ ਪੰਥਕ ਸਖਸ਼ੀਅਤ, ਦਮਦਮੀ ਟਕਸਾਲ ਦੇ ਗਿਆਰ੍ਹਵੇਂ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸੱਚਖੰਡ ਸਾਹਿਬ ਬੋਪਾਰਾਏ ਕਲਾਂ (ਲੁਧਿ:) ਵਿਖੇ 13, 14 ਅਤੇ 15 ਫਰਵਰੀ (2-3-4 ਫੱਗਣ) ਨੂੰ ਹੋ ਰਹੇ 96ਵੇਂ ਸਾਲਾਨਾ ਜੋੜ ਮੇਲੇ ਸਮੇਂ ਕਥਾ, ਕੀਰਤਨ ਦਾ ਪ੍ਰਵਾਹ ਨਿਰੰਤਰ ਤਿੰਨੋਂ ਦਿਨ ਜਾਰੀ ਰਹੇਗਾ | ਪ੍ਰਧਾਨ ਗੁਰਪ੍ਰੀਤ ਸਿੰਘ ਅਨੁਸਾਰ ਗੁਰਦੁਆਰਾ ਸੱਚਖੰਡ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਗਿਆਨੀ ਕਪੂਰ ਸਿੰਘ ਖ਼ਾਲਸਾ (ਮੌਜੂਦਾ ਮੁਖੀ ਸੰਪਰਦਾਇ ਭਿੰਡਰਾਂ ਟਕਸਾਲ) ਦੀ ਨਜ਼ਰਸਾਨੀ ਹੇਠ ਹੋਣ ਵਾਲੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ਼ੁੱਕਰਵਾਰ 13 ਫਰਵਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਹੋਣਗੇ, ਉਪਰੰਤ ਵਿਸ਼ਾਲ ਨਗਰ ਕੀਰਤਨ ਸਮੁੱਚੇ ਨਗਰ ਦੀ ਪਰਿਕਰਮਾ ਕਰੇਗਾ | ਗੁਰਦੁਆਰਾ ਸੱਚਖੰਡ ਬੋਪਾਰਾਏ ਕਲਾਂ ਅੰਦਰ 14 ਫਰਵਰੀ ਨੂੰ ਮੱਧ ਦੇ ਭੋਗ ਬਾਅਦ ਗੁਰੂ ਸ਼ਬਦ ਕਥਾ ਦੀ ਵਿਚਾਰ, ਕੀਰਤਨ ਅਤੇ ਢਾਡੀ ਦਰਬਾਰ ਹੋਵੇਗਾ | ਐਤਵਾਰ 15 ਫਰਵਰੀ ਨੂੰ ਭੋਗ ਉਪਰੰਤ ਦਮਦਮੀ ਟਕਸਾਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਹੋਰ ਸੰਪਰਦਾਵਾਂ ਨਾਲ ਜੁੜੇ ਮਹਾਂਪੁਰਸ਼ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨਗੇ | ਭੋਗ ਉਪਰੰਤ ਮੁੱਖ ਵਾਕ ਦੀ ਕਥਾ ਬਾਅਦ ਪੂਰਾ ਦਿਨ ਧਾਰਮਿਕ ਦੀਵਾਨ ਸਜੇਗਾ | ਐਤਵਾਰ ਸਵੇਰ 11 ਵਜੇ ਅੰਮਿ੍ਤ ਸੰਚਾਰ ਸ਼ੁਰੂ ਹੋਵੇਗਾ, ਲੋੜਵੰਦ ਅੰਮਿ੍ਤ ਅਭਿਲਾਖੀਆਂ ਨੂੰ ਕਕਾਰ ਮੁਫਤ ਦਿੱਤੇ ਜਾਣਗੇ | ਸਮਾਗਮ ਦੇ ਤਿੰਨੋ ਦਿਨ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ |