ਟ੍ਰਾਂਸਫਾਰਮਰ ਚੋਰ ਗਰੋਹ ਵਲੋਂ ਬੇਖ਼ੌਫ ਵਾਰਦਾਤਾਂ ਨੂੰ ਅੰਜਾਮ ਦੇਣਾ ਨਿਰੰਤਰ ਜਾਰੀ
ਅਜੀਤ ਡੈਸਕ
30-01-2026
ਰਾਏਕੋਟ, 29 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਟ੍ਰਾਂਸਫਾਰਮਰ ਚੋਰ ਗਿਰੋਹ ਪਿਛਲੇ 3 ਮਹੀਨਿਆਂ ਤੋਂ ਰਾਏਕੋਟ ਦੇ ਆਸ-ਪਾਸ ਪਿੰਡਾਂ ਵਿਚ ਪੂਰੀ ਤਰ੍ਹਾਂ ਬੇਖ਼ੌਫ ਹੋ ਕੇ ਵਾਰਦਾਤਾਂ ਕਰ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 27-28 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਟ੍ਰਾਂਸਫਾਰਮਰ ਚੋਰ ਗਿਰੋਹ ਵਲੋਂ ਪਿੰਡ ਬੁਰਜ ਹਰੀ ਸਿੰਘ ਦੇ ਰਾਜੋਆਣਾ ਰੋਡ 'ਤੇ ਧਰਮ ਸਿੰਘ ਵਾਲਾ 100 ਕੇ.ਵੀ. ਦਾ ਟ੍ਰਾਂਸਫਾਰਮਰ ਤੀਜੀ ਵਾਰ ਚੋਰੀ ਹੋਇਆ ਹੈ | ਇਸ ਤੋਂ ਇਲਾਵਾ ਨੂਰਪੁਰਾ ਰੋਡ 'ਤੇ ਵੀ ਕਰੀਬ 2 ਮਹੀਨੇ ਪਹਿਲਾਂ ਦੋ ਟ੍ਰਾਂਸਫਾਰਮਰ 2-2 ਵਾਰ ਚੋਰਾਂ ਵਲੋਂ ਭੰਨ੍ਹ ਕੇ ਤਾਂਬਾ ਚੋਰੀ ਕੀਤਾ ਜਾ ਚੁੱਕਾ ਹੈ, ਜਿਸ ਦਾ ਅਜੇ ਤੱਕ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਲੱਗਿਆ | ਤੀਜੀ ਵਾਰ ਚੋਰੀ ਹੋਏ ਧਰਮ ਸਿੰਘ ਵਾਲੇ ਟ੍ਰਾਂਸਫਾਰਮਰ ਬਾਰੇ ਪਿੰਡ ਬੁਰਜ ਹਰੀ ਸਿੰਘ ਦੀ ਸਰਪੰਚ ਬਲਵਿੰਦਰ ਕੌਰ ਦੇ ਪੁੱਤਰ ਨੇ ਦੱਸਿਆ ਕਿ ਇਸ ਹੋ ਰਹੀਆਂ ਚੋਰੀਆਂ ਕਾਰਨ ਜਿੱਥੇ ਕਿਸਾਨ ਪ੍ਰੇਸ਼ਾਨ ਹਨ, ਉੱਥੇ ਹੀ ਟ੍ਰਾਂਸਫਾਰਮਰ ਚੋਰ ਗਰੋਹ ਬੇਖ਼ੌਫ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ | ਇਸ ਤੋਂ ਇਲਾਵਾ ਪਿੰਡ ਰਾਜੋਆਣਾ ਦੇ ਕੁਝ ਕਿਸਾਨਾਂ ਦੀਆਂ ਮੋਟਰਾਂ ਤੋਂ ਵੀ ਟ੍ਰਾਂਸਫਾਰਮਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਣਯੋਗ ਹੈ ਕਿ ਜੇਕਰ ਟ੍ਰਾਂਸਫਾਰਮਰ ਚੋਰ ਗਰੋਹ ਇਸੇ ਤਰ੍ਹਾਂ ਵਾਰਦਾਤਾਂ ਕਰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪੀੜਤ ਕਿਸਾਨ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਦੇ ਆ ਰਹੇ ਹਨ ਕਿ ਇਸ ਚੋਰ ਗਰੋਹ ਨੂੰ ਨੱਥ ਪਾਈ ਜਾਵੇ ਤਾਂ ਜੋ ਉਨ੍ਹਾਂ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ, ਪ੍ਰੰਤੂ ਪੁਲਿਸ ਵਲੋਂ ਕਿਸਾਨਾਂ ਦੀਆਂ ਅਪੀਲਾਂ ਤੇ ਦਲੀਲਾਂ ਵੀ ਸੁਣੀਆਂ ਨਹੀਂ ਜਾ ਰਹੀਆਂ |