ਰਾਏਕੋਟ, 22 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪ੍ਰਭ ਆਸਰਾ ਨਿਆਸਰਿਆਂ ਦੇ ਘਰ ਪਿੰਡ ਫੇਰੂਰਾਈ ਵਿਖੇ ਵੱਡੀ ਗਿਣਤੀ 'ਚ ਮੰਦਬੁੱਧੀ ਬੱਚਿਆਂ ਤੇ ਬਜ਼ੁਰਗਾਂ ਦੀ ਸੇਵਾ-ਸੰਭਾਲ ਬੜੇ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ | ਪ੍ਰਭ ਆਸਰਾ ਫੇਰੂਰਾਈ ਵਿਖੇ ਰੋਜ਼ਾਨਾ ਹੀ ਕਈ ਵਿਅਕਤੀ ਬਜ਼ੁਰਗਾਂ ਦਾ ਆਸ਼ੀਰਵਾਦ ਜਾਣਨ ਲਈ ਪੁੱਜਦੇ ਰਹਿੰਦੇ ਹਨ ਅਤੇ ਆਪਣੀ ਨੇਕ ਕਮਾਈ ਵਿਚੋਂ ਆਸ਼ਰਮ ਦੇ ਪ੍ਰਬੰਧਾਂ ਲਈ ਸਹਾਇਤਾ ਦਿੰਦੇ ਹਨ | ਇਸੇ ਲੜੀ ਤਹਿਤ ਜਸਵੀਰ ਸਿੰਘ ਗਿੱਲ ਕੈਨੇਡਾ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਵਿਖੇ ਪੁੱਜੇ, ਜਿੱਥੇ ਪਹਿਲਾਂ ਉਨ੍ਹਾਂ ਆਪਣੇ ਹੱਥੀਂ ਬਜ਼ੁਰਗਾਂ ਦੀ ਸੇਵਾ ਕੀਤੀ, ਉਪਰੰਤ ਆਸ਼ਰਮ ਵਿਚ ਚੱਲ ਰਹੇ ਕਾਰਜਾਂ ਲਈ ਆਪਣਾ ਵਡਮੁੱਲਾ ਯੋਗਦਾਨ ਦਿੰਦਿਆਂ ਆਰਥਿਕ ਮਦਦ ਕੀਤੀ | ਇਸ ਮੌਕੇ ਜਸਵੀਰ ਸਿੰਘ ਗਿੱਲ ਕੈਨੇਡਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਆਸ਼ਰਮ ਵਿਚ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ, ਇਸ ਲਈ ਉਹ ਸਮੇਂ-ਸਮੇਂ 'ਤੇ ਆਸ਼ਰਮ ਪੁੱਜ ਕੇ ਸੇਵਾ ਕਰਦੇ ਹਨ | ਉਨ੍ਹਾਂ ਆਖਿਆ ਕਿ ਸਾਨੂੰ ਸਭ ਨੂੰ ਲੋੜਵੰਦਾਂ ਦੀ ਮਦਦ ਲਈ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ | ਇਸ ਮੌਕੇ ਪਿਛੌਰਾ ਸਿੰਘ, ਜਿੰਦਰ ਸਿੰਘ, ਹਰਜੀਤ ਸਿੰਘ, ਸੂਬੇਦਾਰ ਜਗਸੀਰ ਸਿੰਘ ਮੌਜੂਦ ਸਨ |