20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮੁਕੇਰੀਆਂ ਸ਼ਹਿਰ ਅੰਦਰ ਭਾਰੀ ਮੀਂਹ ਨੇ ਕੀਤਾ ਜਲ-ਥਲ, ਸਿਵਲ ਹਸਪਤਾਲ ਤੇ ਨੀਵੀਂਆਂ ਥਾਵਾਂ ’ਤੇ ਭਰਿਆ ਪਾਣੀ

ਮੁਕੇਰੀਆਂ, 19 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਵਿਚ ਬੀਤੀ ਰਾਤ ਪਏ ਭਾਰੀ ਮੀਂਹ ਨੇ ਪੂਰੀ ਤਰ੍ਹਾਂ ਨਾਲ ਜਲ-ਥਲ ਕਰਕੇ ਰੱਖ ਦਿੱਤਾ। ਸ਼ਹਿਰ ਦੇ ਵੱਖ-ਵੱਖ ਚੌਂਕਾਂ, ਬਾਜ਼ਾਰਾਂ, ਲੋਕਾਂ ਦੇ ਘਰਾਂ ਤੋਂ ਇਲਾਵਾ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਗੋਡੇ-ਗੋਡੇ ਪਾਣੀ ਭਰ ਗਿਆ ਜਿੱਥੇ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਅਜੀਤ ਡੈਸਕ 20-08-2026
ਮੁਕੇਰੀਆਂ, 19 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਵਿਚ ਬੀਤੀ ਰਾਤ ਪਏ ਭਾਰੀ ਮੀਂਹ ਨੇ ਪੂਰੀ ਤਰ੍ਹਾਂ ਨਾਲ ਜਲ-ਥਲ ਕਰਕੇ ਰੱਖ ਦਿੱਤਾ। ਸ਼ਹਿਰ ਦੇ ਵੱਖ-ਵੱਖ ਚੌਂਕਾਂ, ਬਾਜ਼ਾਰਾਂ, ਲੋਕਾਂ ਦੇ ਘਰਾਂ ਤੋਂ ਇਲਾਵਾ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਗੋਡੇ-ਗੋਡੇ ਪਾਣੀ ਭਰ ਗਿਆ ਜਿੱਥੇ ਆਉਣ ਜਾਣ ਵਾਲੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਨਾਲ ਪੋਲ ਖ਼ੋਲ੍ਹ ਕੇ ਰੱਖ ਦਿੱਤੀ ਅਤੇ ਸੀਵਰੇਜ ਬੰਦ ਹੋਣ ਨਾਲ ਗਲੀਆਂ-ਨਾਲੀਆਂ ਦਾ ਪਾਣੀ ਸੜਕਾਂ ’ਤੇ ਆ ਖੜਿਆ। ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਹਰ ਸਾਲ ਭਾਰੀ ਬਰਸਾਤ ਦੇ ਨਾਲ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਜਾਂਦਾ ਹੈ ਅਤੇ ਲੋਕਾਂ ਨੂੰ ਪਾਣੀ ਵਿਚੋਂ ਲੰਘ ਕੇ ਆਪਣੇ ਕੰਮਾਂ-ਕਾਜਾਂ ’ਤੇ ਜਾਣਾ ਪੈਂਦਾ ਹੈ। ਇਸ ਪਾਸੇ ਸੰਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਦਾ ਵਿਭਾਗ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕਈ ਜਗ੍ਹਾ ’ਤੇ ਭਾਰੀ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ। ਹਰੇ ਚਾਰੇ ਦੀ ਫ਼ਸਲ ਪਾਣੀ ਵਿਚ ਲੰਮੇ ਪੈ ਗਈ ਤੇ ਕਮਾਦ ਦੀ ਫ਼ਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਥੋੜ੍ਹਾ ਜਿਹਾ ਮੀਂਹ ਪੈ ਗਿਆ ਤਾਂ ਉਨ੍ਹਾਂ ਦੀ ਫ਼ਸਲ ਪੂਰੀ ਤਰ੍ਹਾਂ ਨਾਲ ਖ਼ਰਾਬ ਹੋ ਜਾਵੇਗੀ ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਹੋਵੇਗਾ। ਮੀਂਹ ਪੈਣ ਦੇ ਨਾਲ ਕਈ ਥਾਵਾਂ ’ਤੇ ਬਿਜਲੀ ਵੀ ਠੱਪ ਹੋ ਗਈ ਤੇ ਲੋਕਾਂ ਨੇ ਹਨੇਰੇ ਵਿਚ ਹੀ ਰਾਤ ਗੁਜ਼ਾਰੀ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਨਾਲਿਆਂ ਦੀ ਸਫ਼ਾਈ ਅਤੇ ਡੂੰਘਾਈ ਚੰਗੀ ਤਰ੍ਹਾਂ ਕਰਵਾਈ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਵਿਚ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਅਤੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਨਿਜਾਤ ਮਿਲ ਸਕੇ।
ਪਿਛਲੀ ਖ਼ਬਰ ਹੁਸ਼ਿਆਰਪੁਰ ਕੈਂਪਸ ’ਚ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮੋਹਲ਼ੇਧਾਰ ਬਾਰਿਸ਼ ਨਾਲ ਗਰਮੀ ਤੋਂ ਰਾਹਤ , ਦੁਕਾਨਾਂ ’ ਚ ਦਾਖਲ ਹੋਇਆ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।