ਬੀਣੇਵਾਲ, 7 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਇਤਿਹਾਸਕ ਧਾਰਮਿਕ ਅਸਥਾਨ ਪ੍ਰਾਚੀਨ ਸਿੱਧ ਬਾਬਾ ਬਾਲਕ ਨਾਥ ਜੀ ਮੰਦਰ ਅਚਲਪੁਰ 'ਚ 35 ਲੱਖ ਰੁਪਏ ਦੀ ਗ੍ਰਾਂਟ ਖ਼ਰਚ ਕਰਨ ਦੇ ਬਾਵਜੂਦ ਵੀ ਸਰੋਵਰ ਦਾ ਕੰਮ ਅਧੂਰਾ ਪਿਆ ਹੈ | ਲਿਹਾਜ਼ਾ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਨਾ ਤਾਂ ਕੰਮ ਮੁਕੰਮਲ ਹੋਇਆ, ਨਾ ਹੀ ਇਸ ਸਰੋਵਰ 'ਚ ਪਾਣੀ ਖੜ੍ਹਦਾ ਹੈ, ਜਿਸ ਕਰਕੇ ਸੰਗਤ ਨੂੰ ਕੋਈ ਫ਼ਾਇਦਾ ਨਹੀਂ | ਪਿੰਡ ਦੀ ਸਾਬਕਾ ਸਰਪੰਚ ਸਰਲਾ ਦੇਵੀ ਦੇ ਪਤੀ ਤੇ ਮੰਦਰ ਦੇ ਮਹੰਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ 2013 ਤੋਂ 2018 ਤੱਕ ਪਿੰਡ ਦੀ ਸਰਪੰਚ ਸੀ | ਇਸ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਪਿੰਡ 'ਚ ਸੰਗਤ ਦਰਸ਼ਨ ਦੌਰਾਨ ਵਿਧਾਇਕ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਸਿਫ਼ਾਰਿਸ਼ 'ਤੇ ਮੰਦਰ ਨਾਲ ਲੱਗਦੇ ਛੱਪੜ ਨੂੰ ਸਰੋਵਰ ਵਜੋਂ ਵਿਕਸਿਤ ਕਰਨ ਲਈ 35 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ | ਉਸ ਗ੍ਰਾਂਟ ਨਾਲ ਸਾਲ 2026 'ਚ ਜੰਗਲਾਤ ਵਿਭਾਗ ਵਲੋਂ ਸਰੋਵਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ, ਜੋ ਕਿ ਠੇਕੇਦਾਰ ਵਲੋਂ ਅਧੂਰਾ ਛੱਡ ਦਿੱਤਾ ਗਿਆ | ਮਹੰਤ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਸਿਰਫ਼ ਗ੍ਰਾਟ ਮਨਜ਼ੂਰੀ ਬਾਰੇ ਪਤਾ ਹੈ, ਬਾਅਦ 'ਚ ਠੇਕੇਦਾਰ ਤੇ ਵਿਭਾਗ ਨੇ ਕੀ ਕੀਤਾ ਕੋਈ ਪਤਾ ਨਹੀਂ | ਉਨ੍ਹਾਂ ਕਿਹਾ ਕਿ ਇਸ ਸਰੋਵਰ ਦਾ ਕੰਮ ਆਉਣ ਵਾਲੇ ਮੇਲੇ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇ ਅਤੇ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ |