ਮੁਕੇਰੀਆਂ, 7 ਮਈ (ਰਾਮਗੜ੍ਹੀਆ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਕੋਰ ਕਮੇਟੀ ਮੈਂਬਰ ਮਹਿਤਾਬ ਸਿੰਘ ਹੁੰਦਲ, ਸਰਕਲ ਪ੍ਰਧਾਨ ਦਸੂਹਾ ਗੁਰਪ੍ਰੀਤ ਸਿੰਘ ਸੰਧੂ, ਬੇਟ ਏਰੀਆ ਪ੍ਰਧਾਨ ਜੱਜ ਸਿੰਘ ਨੇ ਇਕ ਪੈੱ੍ਰਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਗੰਨੇ ਦਾ ਪਿੜਾਈ ਸੀਜ਼ਨ 2025-26 ਸਮਾਪਤ ਹੋ ਗਿਆ ਹੈ | ਸੀਜ਼ਨ ਸਮਾਪਤ ਹੋਏ ਨੂੰ ਵੀ ਕਰੀਬ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਪਰ ਸਰਕਾਰ ਵਲੋਂ ਜੋ 68 ਰੁਪਏ 50 ਪੈਸੇ ਦੀ ਰਾਸ਼ੀ ਜੋ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਤੌਰ 'ਤੇ ਪਾਉਣ ਸੀ ਖਾਤਿਆਂ 'ਚ ਨਹੀਂ ਪਾਈ ਗਈ ਕਿਸਾਨ ਦੀ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਤੇ ਦੂਜੇ ਪਾਸੇ ਸਰਕਾਰਾਂ ਕਿਸਾਨਾਂ ਦੀ ਸਾਰ ਨਹੀਂ ਲੈ ਰਹੀਆਂ | ਕਈ ਵਾਰ ਮੰਗ-ਪੱਤਰ ਦੇ ਕੇ ਗੱਲਬਾਤ ਕਰ ਚੁੱਕੇ ਹਾਂ, ਪੰਜਾਬ ਵਿਚ ਕੁੱਲ ਪ੍ਰਾਈਵੇਟ ਛੇ ਮਿੱਲਾਂ ਦੀ ਕਰੀਬ 250 ਕਰੋੜ ਰੁਪਏ ਰਕਮ ਬਣਦੀ ਹੈ ਜੋ ਪੰਜਾਬ ਸਰਕਾਰ ਨੇ ਦੇਣੀ ਹੈ ਅਜੇ ਤੱਕ ਖਾਤਿਆਂ ਵਿਚ ਨਹੀਂ ਪਾਈ | ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਛੇ ਮਈ ਤੱਕ ਕਿਸਾਨਾਂ ਦੇ ਖਾਤਿਆਂ 'ਚ ਇਹ ਰਕਮ ਨਾ ਪਾਈ ਗਈ ਤਾਂ ਮਜਬੂਰ ਹੋ ਕੇ 7 ਮਈ ਨੂੰ ਜਲੰਧਰ ਤੋਂ ਪਠਾਨਕੋਟ ਨੈਸ਼ਨਲ ਹਾਈਵੇ ਉੜਮੁੜ ਟਾਂਡਾ ਵਿਖੇ ਜਾਮ ਕੀਤਾ ਜਾਵੇਗਾ | ਇਸ ਮੌਕੇ ਚਰਨਜੀਤ ਸਿੰਘ ਸੰਧੂ, ਪ੍ਰਭਜੋਤ ਸਿੰਘ ਚੀਮਾ ਆਦਿ ਹਾਜ਼ਰ ਸਨ |