ਗੜ੍ਹਸ਼ੰਕਰ, 7 ਮਈ (ਧਾਲੀਵਾਲ)-ਮਾਰਕੀਟ ਕਮੇਟੀ ਗੜ੍ਹਸ਼ੰਕਰ ਅਧੀਨ ਆਉਂਦੀਆਂ ਮੰਡੀਆਂ 'ਚ ਖ਼ਰੀਦ ਹੋ ਚੁੱਕੀ ਕਣਕ ਦੀਆਂ ਬੋਰੀਆਂ ਦੀ ਲਿਫ਼ਟਿੰਗ ਨਾਲ ਹੋਣ ਕਾਰਨ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਕਈ ਆੜ੍ਹਤੀਆਂ ਨੇ ਦੱਬੀ ਜ਼ੁਬਾਨ 'ਚ ਕਿਹਾ ਕਿ ਚਹੇਤਿਆਂ ਨੂੰ ਲਿਫ਼ਟਿੰਗ ਦਾ ਕੰਮ ਦੇਣ ਕਾਰਨ ਉਹ ਮਨਮਾਨੀ ਕਰ ਰਹੇ ਹਨ ਜਿਸ ਦਾ ਖ਼ਮਿਆਜ਼ਾ ਆੜ੍ਹਤੀਆਂ ਨੂੰ ਭੁਗਤਣਾ ਪੈ ਰਿਹਾ ਹੈ | ਇਸ ਵੇਲੇ ਦਾਣਾ ਮੰਡੀ ਗੜ੍ਹਸ਼ੰਕਰ, ਪਨਾਮ, ਰੋਡ ਮਜਾਰਾ ਤੇ ਹੋਰ ਮੰਡੀਆਂ 'ਚ ਖ਼ਰੀਦ ਹੋ ਚੁੱਕੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਮਿਲ ਰਹੇ ਹਨ | ਖ਼ਰੀਦੀ ਹੋਈ 80 ਫ਼ੀਸਦੀ ਦੇ ਕਰੀਬ ਕਣਕ ਖੁੱਲੇ੍ਹ ਅਸਮਾਨ ਹੇਠ ਪਈ ਹੈ | ਐਤਵਾਰ ਅਤੇ ਸੋਮਵਾਰ ਮੌਸਮ ਖ਼ਰਾਬ ਹੋਣ ਭਾਵ ਬਾਰਿਸ਼ ਹੋਣ ਕਾਰਨ ਨੀਲੇ ਆਸਮਾਨ ਹੇਠ ਪਈ ਕਣਕ ਪ੍ਰਭਾਵਿਤ ਹੋਈ ਹੈ | ਅਜਿਹੇ ਹੀ ਹਾਲਾਤ ਆਉਣ ਵਾਲੇ ਦਿਨਾਂ 'ਚ ਬਣੇ ਹੋਏ ਹਨ | ਕਣਕ ਦੀ ਲਿਫ਼ਟਿੰਗ ਇਕ ਤਰ੍ਹਾਂ ਨਾਲ ਠੱਪ ਹੋਣ ਕਾਰਨ ਮੰਡੀਆਂ 'ਚ ਨਵੀਂ ਆ ਰਹੀ ਕਣਕ ਨੂੰ ਰੱਖਣ ਲਈ ਥਾਂ ਨਹੀਂ ਮਿਲ ਰਹੀ | ਇਨ੍ਹਾਂ ਹਾਲਤਾਂ ਕਾਰਨ ਆੜ੍ਹਤੀਆਂ ਦੀ ਜਾਨ ਕੁੜਿੱਕੀ 'ਚ ਆਈ ਹੋਈ ਹੈ | ਜਦੋਂ ਤੱਕ ਖ਼ਰੀਦੀ ਹੋਣ ਕਣਕ ਗੁਦਾਮ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਕਣਕ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਆੜ੍ਹਤੀਆਂ ਨੂੰ ਹੀ ਨਿਭਾਉਣੀ ਪੈ ਰਹੀ ਹੈ | ਆੜ੍ਹਤੀਆਂ ਵਲੋਂ ਲਗਾਤਾਰ ਸੰਬੰਧਿਤ ਖ਼ਰੀਦ ਏਜੰਸੀਆਂ ਪਾਸ ਲਿਫ਼ਟਿੰਗ ਦਾ ਮੁੱਦਾ ਰੱਖੇ ਜਾਣ ਦੇ ਬਾਵਜੂਦ ਹਾਲਤਾਂ 'ਚ ਕੋਈ ਵੀ ਸੁਧਾਰ ਨਜ਼ਰ ਨਹੀਂ ਆ ਰਿਹਾ |