ਟਾਂਡਾ ਉੜਮੁੜ, 7 ਮਈ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੀ ਗਤਕਾ ਖਿਡਾਰਨ ਗਗਨਪ੍ਰੀਤ ਕੌਰ ਨੇ ਸਕੂਲ ਦੇ ਖੇਡ ਇਤਿਹਾਸ 'ਚ ਸ਼ਾਨਦਾਰ ਪੰਨਾ ਦਰਜ ਕਰਦਿਆਂ ਹੋਇਆਂ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਹਾਸਿਲ ਕੀਤਾ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਗਨਪ੍ਰੀਤ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 1 ਤੋਂ 3 ਮਈ ਦੌਰਾਨ ਹੋਏ ਭਾਰਤੀ ਪਰੰਪਰਿਕ ਖੇਡ ਮਹਾਂਉਤਸਵ 2026 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗਤਕਾ ਜੂਨੀਅਰ ਡੈਮੋ ਕੈਟਾਗਰੀ 'ਚ ਸੋਨ ਤਗਮਾ ਤੇ ਗਤਕਾ ਸਿੰਗਲ ਸੋਟੀ ਮੁਕਾਬਲੇ 'ਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਸਕੂਲ, ਮਾਪਿਆ ਤੇ ਟਾਂਡਾ ਇਲਾਕੇ ਦਾ ਨਾਂਅ ਰਾਸ਼ਟਰੀ ਪੱਧਰ 'ਤੇ ਚਮਕਾਇਆ | ਚੇਅਰਮੈਨ ਤਰਲੋਚਨ ਸਿੰਘ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਸਕੂਲ ਦੇ ਖੇਡ ਵਿਭਾਗ, ਸਮੂਹ ਸਟਾਫ਼ ਤੇ ਮੈਨੇਜਮੈਂਟ ਨੂੰ ਮੁਬਾਰਕਬਾਦ ਦਿੱਤੀ | ਪਿ੍ੰਸੀਪਲ ਮਨੀਸ਼ਾ ਸੰਗਰ ਵਲੋਂ ਗਗਨਪ੍ਰੀਤ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਪਿ੍ੰਸੀਪਲ ਸੰਗਰ ਨੇ ਦੱਸਿਆ ਕਿ ਗਗਨਪ੍ਰੀਤ ਪਹਿਲਾਂ ਵੀ ਨੈਸ਼ਨਲ ਪੱਧਰ ਤੱਕ ਸਕੂਲ ਦਾ ਨਾਂਅ ਰੌਸ਼ਨ ਕਰ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਗਗਨਪ੍ਰੀਤ ਅੱਗੇ ਜਾ ਕੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਕੂਲ ਦਾ, ਆਪਣੇ ਮਾਪਿਆਂ ਦਾ ਤੇ ਟਾਂਡਾ ਇਲਾਕੇ ਦਾ ਨਾਂਅ ਰੌਸ਼ਨ ਕਰੇਗੀ | ਇਸ ਮੌਕੇ ਪਿ੍ੰ. ਮੁਨੀਸ਼ਾ ਸੰਗਰ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਵਿਸ਼ਾਲੀ, ਸੁਰੇਸ਼ ਤੇ ਹੋਰ ਸਟਾਫ਼ ਮੌਜੂਦ ਸੀ |