ਹੁਸ਼ਿਆਰਪੁਰ, 7 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਹੁਸ਼ਿਆਰਪੁਰ ਦੇ ਸੈਂਟਰਲ ਟਾਊਨ ਮੁਹੱਲੇ ਦੇ ਰਹਿਣ ਵਾਲੇ ਇੰਟਰਨੈਸ਼ਨਲ ਸਾਈਕਲਿਸਟ ਤੇ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਹੁਸ਼ਿਆਰਪੁਰ ਬਲਰਾਜ ਸਿੰਘ ਚੌਹਾਨ ਸਟੇਟ ਐਵਾਰਡੀ ਨੂੰ ਉਨ੍ਹਾਂ ਦੀਆਂ ਦੇਸ਼-ਵਿਦੇਸ਼ 'ਚ ਕੀਤੀਆਂ ਪ੍ਰਾਪਤੀਆਂ ਲਈ ਸ਼ੁੱਭਕਾਮਨਾਵਾਂ ਤੇ ਵਧਾਈ ਸੰਦੇਸ਼ ਭੇਜਿਆ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਚੌਹਾਨ ਨੇ ਸਾਈਕਿਲੰਗ ਦੇ ਖੇਤਰ 'ਚ ਅੰਤਰਰਾਸ਼ਟਰੀ ਪੱਧਰ ਤੱਕ ਜੋ ਨਾਮਣਾ ਖੱਟਿਆ ਹੈ, ਉਹ ਸ਼ਲਾਘਾਯੋਗ ਹੈ | ਚੌਹਾਨ ਨੇ ਹਜ਼ਾਰਾਂ ਕਿੱਲੋਮੀਟਰ ਦੀ ਹਰ ਤਰ੍ਹਾਂ ਦੇ ਮੌਸਮ 'ਚ ਸਾਈਕਲ ਯਾਤਰਾ, ਨੀਂਦ ਦੀ ਕਮੀ ਤੇ ਸਰੀਰਕ ਥਕਾਨ ਦੇ ਬਾਵਜੂਦ ਆਪਣੇ ਜਿਸ ਜਜ਼ਬੇ ਦਾ ਸਬੂਤ ਦਿੱਤਾ ਤੇ ਵਿਸ਼ਵ ਭਰ ਦੇ ਸਾਈਕਲਿਸਟਾਂ ਲਈ ਪ੍ਰੇਰਨਾਸ੍ਰੋਤ ਬਣੇ | ਉਨ੍ਹਾਂ ਆਸ ਪ੍ਰਗਟਾਈ ਕਿ ਬਲਰਾਜ ਸਿੰਘ ਚੌਹਾਨ ਭਵਿੱਖ 'ਚ ਵੀ ਨਵੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹਿਣਗੇ | ਇਸ ਮੌਕੇ ਬਲਰਾਜ ਸਿੰਘ ਚੌਹਾਨ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੁਨੇਹੇ ਨਾਲ ਉਨ੍ਹਾਂ ਦੇ ਹੌਸਲੇ 'ਚ ਹੋਰ ਵਾਧਾ ਹੋਇਆ ਹੈ ਤੇ ਉਹ ਸਾਈਕਿਲੰਗ ਦੇ ਖੇਤਰ 'ਚ ਹੋਰ ਮਿਹਨਤ ਕਰਨਗੇ | ਇਹ ਵਧਾਈ ਸੰਦੇਸ਼ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਲੋਂ ਬਲਰਾਜ ਸਿੰਘ ਚੌਹਾਨ ਨੂੰ ਸੌਂਪਿਆ ਗਿਆ |