ਘੋਗਰਾ/ਨੰਗਲ, 7 ਮਈ (ਸਲਾਰੀਆ, ਵਿਨੋਦ ਮਹਾਜਨ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਮਨਾਉਣ ਹਿਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਟਰੱਸਟ (ਰਜਿ) ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦਸੂਹਾ (ਮੁਕੇਰੀਆਂ) ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ 'ਚ ਦਿੱਲੀ, ਰਾਜਸਥਾਨ, ਹਰਿਆਣਾ, ਮਹਾਰਾਸ਼ਟਰ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਤੇ ਸਮੁੱਚੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਰਾਮਗੜ੍ਹੀਆ ਭਾਈਚਾਰੇ ਦੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ਭੋਗ ਉਪਰੰਤ ਸਜਾਏ ਵਿਸ਼ੇਸ਼ ਕੀਰਤਨ ਦਰਬਾਰ 'ਚ ਭਾਈ ਬਲਵਿੰਦਰ ਸਿੰਘ ਰੰਧਾਵਾ ਬਰੋਟਾ, ਭਾਈ ਨਿਰਮਲ ਸਿੰਘ ਹਾਜੀਪੁਰ ਅਤੇ ਭਾਈ ਸਰਤਾਜ ਸਿੰਘ ਬਸਰਾਵਾਂ ਹੈੱਡ ਗ੍ਰੰਥੀ ਗੁਰਦੁਆਰਾ ਗਰਨਾ ਸਾਹਿਬ ਨੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਖਦੇਵ ਸਿੰਘ ਰਿਆਤ ਕੌਮੀ ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦਿੱਲੀ ਤੇ ਤਰਲੋਚਨ ਸਿੰਘ ਕੌਂਡਲ ਰਾਮਗੜ੍ਹੀਆ ਬੋਰਡ ਦਿੱਲੀ ਨੇ ਸ਼ਿਰਕਤ ਕੀਤੀ | ਇਸ ਮੌਕੇ ਸਮੁੱਚੀ ਕੌਮ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਮਹਾਨ ਕੁਰਬਾਨੀ ਦੇ ਸਤਿਕਾਰ ਵਜੋਂ ਪਲੇਠਾ 'ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਵਾਰਡ' ਜੈਕਾਰਿਆਂ ਦੀ ਗੂੰਜ 'ਚ ਦਿੱਤਾ ਗਿਆ | ਉਨ੍ਹਾਂ ਮਹਾਰਾਜਾ ਜੱਸਾ ਸਿੰਘ ਦੇ ਇਤਿਹਾਸ ਤੇ ਸੂਰਬੀਰਤਾ ਬਾਰੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਤੇ ਕੌਮ ਨੂੰ ਉਨ੍ਹਾਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਚੇਅਰਮੈਨ, ਪ੍ਰਧਾਨ, ਸਮੂਹ ਸੰਗਤਾਂ ਹਾਜ਼ਰ ਸਨ |