30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੇਘੋਵਾਲ ਗੰਜ਼ਿਆਂ ਦੇ ਸਰਪੰਚ ਨੂੰ ਡਾਕ ਰਾਹੀਂ ਆਏ 38 ਅਣਪਛਾਤੇ ਵਿਅਕਤੀਆਂ ਦੇ ਆਧਾਰ ਕਾਰਡ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ-ਡੀ. ਸੀ.

ਅਜੀਤ ਡੈਸਕ 08-05-2026
ਨਸਰਾਲਾ, 7 ਮਈ (ਸਤਵੰਤ ਸਿੰਘ ਥਿਆੜਾ)-ਪਿੰਡ ਮੇਘੋਵਾਲ ਗੰਜ਼ਿਆਂ ਵਿਖੇ ਅਣਪਛਾਤੇ ਵਿਅਕਤੀਆਂ ਦੇ ਤਕਰੀਬਨ 3 ਦਰਜਨ ਤੋਂ ਵੱਧ ਬਣ ਕੇ ਆਏ ਆਧਾਰ ਕਾਰਡਾਂ ਦੇ ਕਾਰਨ ਜਿੱਥੇ ਪਿੰਡ ਦੀ ਪੰਚਾਇਤ ਸਮੇਤ ਸਮੂਹ ਪਿੰਡ ਵਾਸੀ ਸ਼ਸ਼ੋਪੰਜ ਵਿਚ ਹਨ, ਉਥੇ ਹੀ ਇਲਾਕਾ ਵਾਸੀਆਂ ਵਲੋਂ ਵੀ 2027 ਦੀਆਂ ਚੋਣਾਂ ਨੂੰ ਲੈ ਕੇ ਕਿਆਫ਼ੇ ਲਾਏ ਜਾ ਰਹੇ ਹਨ ਕਿ ਇਹ ਜ਼ਰੂਰ ਕਿਸੇ ਸਿਆਸੀ ਪਾਰਟੀ ਵਲੋਂ ਆਪਣਾ ਵੋਟ ਬੈਂਕ ਵਧਾਉਣ ਸੰਬੰਧੀ ਕੀਤਾ ਹੋਵੇਗਾ, ਕਿਉਂਕਿ ਇਹ ਸਾਰੇ ਦੇ ਸਾਰੇ ਆਧਾਰ ਕਾਰਡ ਪੰਜਾਬੀ ਵਿਚ ਨਾ ਹੋਣ ਅਤੇ ਹਿੰਦੀ ਜਾਂ ਕਿਸੇ ਹੋਰ ਭਾਸ਼ਾਵਾਂ ਵਿਚ ਹਨ, ਇਨ੍ਹਾਂ 'ਚ ਦਿੱਤੇ ਨਾਂਅ ਤੇ ਫ਼ੋਟੋਆਂ 'ਚ ਸ਼ਕਲਾਂ ਤੋਂ ਵੀ ਪ੍ਰਵਾਸੀ ਮਜ਼ਦੂਰਾਂ ਦੇ ਬਣਾਏ ਜਾਪਦੇ ਹਨ | ਪਿੰਡ ਵਾਸੀਆਂ ਵਲੋਂ ਇਸ ਸਾਰੇ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮਿਲ ਕੇ ਸਾਰੀ ਜਾਣਕਾਰੀ ਦਿੰਦਿਆਂ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਅਪੀਲ ਕੀਤੀ ਹੈ ਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੂੰ ਵੀ ਇਸ ਦੀ ਡੂੰਘਾਈ ਮਾਪਣ ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ | ਇਸ ਸੰਬੰਧੀ ਸਰਪੰਚ ਗੁਰਦੇਵ ਸਿੰਘ ਮੇਘੋਵਾਲ ਗੰਜ਼ਿਆਂ, ਪੰਚ ਅਮਿਤ ਕੁਮਾਰ, ਪੰਚ ਕਰਮਜੀਤ, ਜਗਤਾਰ ਸਿੰਘ, ਪ੍ਰੀਤਮ ਸਿੰਘ ਪੀਤਾ, ਗੁਰਬਚਨ ਸਿੰਘ ਆਦਿ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਡਾਕ ਦੁਆਰਾ ਆਏ ਇਹ 38 ਅਧਾਰ ਕਾਰਡ ਉਕਤ ਵਿਅਕਤੀਆਂ ਦਾ ਨਾਂਅ ਪਤਾ ਨਾ ਮਿਲਣ ਕਰਕੇ ਡਾਕੀਏ ਵਲੋਂ ਸਾਨੂੰ ਦਿੱਤੇ ਜਾ ਰਹੇ ਸਨ, ਪਰ ਜਦੋਂ ਇਸ ਸਾਰੇ ਮਾਮਲੇ ਦੀ ਤਹਿ ਤੱਕ ਜਾਣ ਕੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਵਿਅਕਤੀ ਇਨ੍ਹਾਂ ਦੇ ਪਿੰਡ ਦਾ ਨਾ ਨਿਕਲਿਆ ਤਾਂ ਆਧਾਰ 'ਤੇ ਦਿੱਤੇ ਮੋਬਾਈਲ ਨੰਬਰਾਂ 'ਤੇ ਫ਼ੋਨ ਲਗਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਫ਼ੋਨ 'ਤੇ ਵੀ ਗੱਲ ਨਾ ਹੋਣ 'ਤੇ ਸਾਰਾ ਮਾਮਲਾ ਗਰਮਾ ਗਿਆ | ਸਰਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਜਦੋਂ ਇਨ੍ਹਾਂ ਅਧਾਰ ਕਾਰਡਾਂ ਦੇ ਪਹਿਲੀ ਵਾਰ ਬਣਨ ਦੀ ਤਰੀਕ ਚੈੱਕ ਕੀਤੀ ਗਈ ਤਾਂ ਇਨ੍ਹਾਂ 'ਚੋਂ ਬਹੁਤੇ ਅਧਾਰ 2012, 2013 ਤੇ 2014 ਸੰਨ ਦੇ ਬਣੇ ਹੋਏ ਹਨ ਤੇ ਤਕਰੀਬਨ ਸਾਰੇ ਹੀ ਮਾਤਾ-ਪਿਤਾ ਜਾਂ ਪਤੀ ਦੇ ਨਾਂਅ ਦੀ ਜਗ੍ਹਾ ਕੇਅਰ ਆਫ਼ ਕਰਕੇ ਹੀ ਬਣਾਏ ਹੋਏ ਹਨ | ਇਸ ਸੰਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਅਧਾਰ ਕਾਰਡ ਬਾਰੇ ਚੰਗੀ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ | ਇਸੇ ਤਰ੍ਹਾਂ ਹੀ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਵੀ ਭਰੋਸਾ ਦਿਵਾਇਆ ਕਿ ਜੋ ਵੀ ਦੋਸ਼ੀ ਪਾਏ ਗਏ, ਉਨ੍ਹਾਂ 'ਤੇ ਉਹ ਬਣਦੀ ਕਾਰਵਾਈ ਜ਼ਰੂਰ ਕਰਨਗੇ |
ਪਿਛਲੀ ਖ਼ਬਰ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਐਚ. ਪੀ. ਵੀ. ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ-ਡਾ. ਰਾਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।