16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੇ ਟੋਇਆਂ 'ਚੋਂ ਉੱਡਦੀ ਧੂੜ 'ਚ ਗੁਆਚਾ 'ਆਪ' ਸਰਕਾਰ ਦਾ ਵਿਕਾਸ

ਅਜੀਤ ਡੈਸਕ 19-02-2026
ਗੜ੍ਹਸ਼ੰਕਰ, 18 ਫਰਵਰੀ (ਧਾਲੀਵਾਲ)-ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਨੂੰ ਜਾਣ ਵਾਰੀ ਸੜਕ 'ਚ ਪਏ ਵਡ ਆਕਾਰੀ ਟੋਇਆਂ 'ਚੋਂ ਉੱਡਦੀ ਧੂੜ 'ਚ ਬਦਲਾਅ ਲੈ ਕੇ ਆਈ ਮੌਜੂਦਾ 'ਆਪ' ਸਰਕਾਰ ਦਾ ਵਿਕਾਸ ਗਵਾਚਿਆ ਨਜ਼ਰ ਆ ਰਿਹਾ ਹੈ | ਸਰਕਾਰ ਦੇ ਵਿਕਾਸ ਨੂੰ ਮੂੰਹ ਚਿੜਾਉਂਦੀ ਇਸ ਬਦਤਰ ਹਾਲਤ ਸੜਕ ਦੀ ਪਿਛਲੇ ਕਰੀਬ ਡੇਢ ਸਾਲ ਤੋਂ ਲਗਾਤਾਰ ਹਾਲਤ ਵਿਗੜਦੀ ਆ ਰਹੀ ਹੈ | ਸੜਕ ਦੀ ਮੌਜੂਦਾ ਹਾਲਤ ਸਰਕਾਰ ਦੀ ਬਦਨਾਮੀ ਦਾ ਸਭ ਤੋਂ ਵੱਡਾ ਕਾਰਨ ਬਣਦੀ ਨਜ਼ਰ ਆ ਰਹੀ ਹੈ | ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਨੂੰ ਚੱਲਦਿਆਂ ਨਹਿਰ ਪਾਰ ਕਰਦੇ ਸਾਰ ਹੀ ਸੜਕ ਦੀ ਬਦਤਰ ਹਾਲਤ ਭਾਵ ਸੜਕ 'ਚ ਪਏ ਟੋਇਆਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ | ਗੜ੍ਹਸ਼ੰਕਰ ਤੋਂ ਚੱਲਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਦੇਨੋਵਾਲ ਖ਼ੁਰਦ, ਦਾਰਾਪੁਰ, ਡੋਗਰਪੁਰ ਅਤੇ ਬਕਾਪੁਰ ਗੁਰੂ ਤੱਕ ਸੜਕ ਦੀ ਹਾਲਤ ਐਨੀ ਕੁ ਬਦਤਰ ਬਣੀ ਹੋਈ ਹੈ ਕਿ ਕਈ ਥਾਵਾਂ 'ਤੇ ਇਸ ਗੱਲ ਦਾ ਵੀ ਭੁਲੇਖਾ ਪੈ ਰਿਹਾ ਹੈ ਕਿ ਸੜਕ ਵਿਚ ਟੋਏ ਹਨ ਜਾਂ ਟੋਇਆਂ ਵਿਚ ਸੜਕ! ਅਜਿਹੇ ਹੀ ਹਾਲਾਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਪੈਂਦੀ ਇਸ ਸੜਕ ਦੇ ਹਨ | ਟੋਇਆਂ ਭਰਪੂਰ ਸੜਕ ਤੋਂ ਅੱਕੇ ਲੋਕਾਂ ਨੇ ਹੁਣ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਜਾਣ ਜਾਂ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਆਉਣ ਲਈ ਬਦਲਵੇਂ ਸੰਪਰਕ ਰਸਤਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ | ਸੜਕ ਦੇ ਦੋਵੇਂ ਪਾਸੇ ਦਰੱਖਤ ਲੱਗੇ ਹੋਣ ਕਾਰਨ ਇੱਥੇ ਦਰੱਖਤਾਂ ਦੇ ਪਰਛਾਵੇਂ ਕਾਰਨ ਸੜਕ 'ਚ ਪਏ ਟੋਏ ਵੀ ਪ੍ਰਤੱਖ ਰੂਪ ਵਿਚ ਨਜ਼ਰ ਨਾ ਆਉਣ ਕਾਰਨ ਇੱਥੇ ਰੋਜ਼ਮਰ੍ਹਾ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਵੇਖਣ ਨੂੰ ਮਿਲ ਰਿਹਾ ਹੈ | ਇੱਥੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਅਗਰ ਸਮੇਂ ਸਿਰ ਇਸ ਸੜਕ ਦੀ ਮੁਰੰਮਤ ਕਰਕੇ ਵਿਗੜ ਰਹੇ ਹਾਲਾਤ ਨੂੰ ਸੰਭਾਲ ਲਿਆ ਜਾਂਦਾ ਤਾਂ ਜਿੱਥੇ ਸਰਕਾਰ ਦੇ ਖ਼ਜ਼ਾਨੇ ਨੂੰ ਖੋਰਾ ਲੱਗਣੋ ਬੱਚ ਜਾਣਾ ਸੀ, ਉੱਥੇ ਹੀ ਹੁਣ ਤੱਕ ਲੱਖਾਂ ਲੋਕਾਂ ਨੇ ਇਸ ਸੜਕ ਦੀ ਹਾਲਤ ਤੋਂ ਹੁੰਦੀ ਖੱਜਲ-ਖੁਆਰੀ ਤੋਂ ਬਚ ਜਾਣਾ ਸੀ | ਹੈਰਾਨੀ ਦੀ ਗੱਲ ਹੈ ਕਿ ਲੋਕ ਨਿਰਮਾਣ ਵਿਭਾਗ ਵਲੋਂ ਇਸ ਸੜਕ ਦੇ ਸੁਧਾਰ ਲਈ ਜਾਂ ਲੋਕਾਂ ਦੀ ਖੱਜਲ-ਖੁਆਰੀ ਨੂੰ ਘੱਟ ਕਰਨ ਲਈ ਇਸ ਸੜਕ 'ਤੇ ਇਕ ਮਿੱਟੀ ਦੀ ਟੋਕਰੀ ਤੱਕ ਨਹੀਂ ਪਾਈ, ਮੁਰੰਮਤ ਕਰਵਾਉਣੀ ਤਾਂ ਕੋਹਾਂ ਦੂਰ ਦੀ ਗੱਲ ਰਹੀ ਹੈ | ਇਸ ਸੜਕ ਨੂੰ ਟੋਇਆਂ 'ਚ ਬਦਲਣ ਵਿਚ ਜਿੱਥੇ ਸੜਕ ਦੀ ਸਮੇਂ ਸਿਰ ਮੁਰੰਮਤ ਨਾ ਕਰਵਾਉਣਾ ਜ਼ਿੰਮੇਵਾਰ ਹੈ, ਉੱਥੇ ਹੀ ਸੜਕ ਤੋਂ ਨਿੱਤ ਲੰਘਦੇ ਓਵਰਲੋਡ ਟਿੱਪਰਾਂ ਨਾਲ ਸੜਕ ਦੀ ਬਚੀ ਖੁਚੀ ਹਾਲਤ ਨੂੰ ਖੋਰਾ ਲੱਗ ਰਿਹਾ ਹੈ | ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੀ ਤਰਸਯੋਗ ਹਾਲਤ ਪ੍ਰਤੀ ਸੱਤਾਧਾਰੀਆਂ ਦੀ ਖ਼ਾਮੋਸ਼ੀ ਵੀ ਸਰਕਾਰ ਦੇ ਵਿਕਾਸ ਵਾਲੇ ਦਾਅਵਿਆਂ ਦੀ ਸ਼ਰੇਆਮ ਪੋਲ ਖੋਲ੍ਹ ਰਹੀ ਹੈ | ਅੱਗੇ ਕੀ ਬਣੇਗਾ ਇਹ ਰੱਬ ਜਾਣਦੈ! ਉੱਡਦੀ ਧੂੜ 'ਚ ਲੋਕਾਂ ਦੀ ਖੱਜਲ-ਖੁਆਰੀ ਬਾਦਸਤੂਰ ਜਾਰੀ ਹੈ |
ਕਾਂਗਰਸ ਸਰਕਾਰ ਤੋਂ ਬਾਅਦ ਨਹੀਂ ਹੋਇਆ ਸੜਕਾਂ ਦਾ ਸੁਧਾਰ-ਗੋਲਡੀ
ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਪਿਛਲੇ ਕਾਂਗਰਸ ਸਰਕਾਰ ਸਮੇਂ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਸਮੇਤ ਹਲਕੇ ਦੀਆਂ ਅਨੇਕਾਂ ਸੜਕਾਂ ਦਾ ਸੁਧਾਰ ਕੀਤਾ ਗਿਆ ਸੀ, ਪਰ 'ਆਪ' ਦੇ ਰਾਜ 'ਚ 4 ਸਾਲ ਬੀਤ ਜਾਣ ਦੇ ਬਾਵਜੂਦ ਸੜਕਾਂ ਦਾ ਸੁਧਾਰ ਨਹੀਂ ਹੋਇਆ | ਸਗੋਂ ਕਾਂਗਰਸ ਦੇ ਰਾਜ 'ਚ ਸੜਕਾਂ ਦੇ ਸੁਧਾਰ ਲਈ ਆਇਆ ਪੈਸਾ 'ਆਪ' ਵਾਲੇ ਖ਼ਰਚ ਹੀ ਨਹੀਂ ਸਕੇ | ਗੋਲਡੀ ਨੇ ਕਿਹਾ ਕਿ ਟੋਲ ਖ਼ਤਮ ਕਰਨ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਦੇ ਰਾਜ 'ਚ ਸੜਕਾਂ ਦੀ ਜੋ ਹਾਲਤ ਹੈ ਉਹ ਪਹਿਲਾ ਕਦੇ ਨਹੀਂ ਹੋਈ | 'ਆਪ' ਦੇ ਰਾਜ 'ਚ ਸੰਗਤ ਦੇ ਪੈਸੇ ਨਾਲ ਸੰਤ-ਮਹਾਂਪੁਰਸ਼ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਰੋਡ ਦਾ ਨਿਰਮਾਣ ਕਰਵਾ ਰਹੇ ਹਨ ਤੇ ਸਰਕਾਰ ਉਸ ਤੋਂ ਵੀ ਸਬਕ ਨਹੀਂ ਸਿੱਖ ਸਕੀ |
'ਆਪ' ਦੇ ਰਾਜ 'ਚ ਸਾਰੀਆਂ ਸੜਕਾਂ ਦਾ ਮਾੜਾ ਹਾਲ-ਰਾਠਾਂ
ਸਾਬਕਾ ਅਕਾਲੀ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ 'ਆਪ' ਸਰਕਾਰ ਦੇ ਰਾਜ 'ਚ ਸਾਰੀਆਂ ਸੜਕਾਂ ਦਾ ਮਾੜਾ ਹਾਲ ਹੈ | ਜੋ ਹਾਲਤ ਇਸ ਸਮੇਂ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੀ ਬਣੀ ਹੋਈ ਹੈ, ਉਹ ਕਦੇ ਸੋਚੀ ਵੀ ਨਹੀਂ ਸੀ | ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕੇ 'ਚ ਚਾਹੇ ਸੰਪਰਕ ਸੜਕਾਂ ਦੀ ਹਾਲਤ ਹੋਵੇ ਚਾਹੇ ਮੁੱਖ ਸੜਕਾਂ ਦੀ, ਸਰਕਾਰ ਨੇ ਇਸ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਕੀਤਾ | ਗੜ੍ਹਸ਼ੰਕਰ-ਬਲਾਚੌਰ ਸੜਕ 'ਤੇ ਪਿੰਡ ਸਮੁੰਦੜਾ ਵਿਖੇ ਬਣੀ ਤਰਸਯੋਗ ਹਾਲਤ ਅੱਜ ਤੱਕ ਕਿਸੇ ਨਹੀਂ ਨਜ਼ਰ ਨਹੀਂ ਆਈ | ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹੈ ਜਿਵੇਂ 'ਆਪ' ਦੇ ਰਾਜ 'ਚ ਵਿਕਾਸ ਖੰਭ ਲਾ ਕੇ ਉੱਡ ਗਿਆ ਹੋਵੇ |
ਪਿਛਲੀ ਖ਼ਬਰ 63ਵੇਂ ਆਲ ਇੰਡੀਆ ਪਿ੍ੰ. ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਹੋਏ ਫਸਵੇਂ ਮੁਕਾਬਲੇ ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਦੇ ਲਈ ਖ਼ੂਨਦਾਨ ਜ਼ਰੂਰੀ-ਭਾਈ ਮਸੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।