13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਰਣਜੋਧ ਸਿੰਘ ਨੇ ਗੇਟ ਮੂਹਰੇ ਕੂੜਾ ਸੁੱਟਣ ਵਾਲੇ ਗੁਆਂਢੀਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਅਜੀਤ ਡੈਸਕ 23-01-2026
ਭੰਗਾਲਾ, 22 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਪੁਲਿਸ ਚੌਕੀ ਭੰਗਾਲਾਂ ਨੂੰ ਦਿੱਤੀ ਸ਼ਿਕਾਇਤ ਵਿਚ ਰਣਜੋਧ ਸਿੰਘ ਪੁੱਤਰ ਸੁਖਰਾਜ ਸਿੰਘ ਪਿੰਡ ਭੰਗਾਲਾ ਨੇ ਦੱਸਿਆ ਕਿ ਉਸ ਦਾ ਆਪਣੇ ਗੁਆਂਢੀਆਂ ਦੇ ਨਾਲ ਰਸਤੇ ਦਾ ਝਗੜਾ ਅਦਾਲਤ ਵਿਚ ਚੱਲ ਰਿਹਾ ਜਿਸ ਕਰਕੇ ਗੁਆਂਢੀ ਸਾਡੇ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹਨ | ਉਨ੍ਹਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਇਨ੍ਹਾਂ ਨੇ ਸਾਡੇ ਘਰ ਵਿਚ ਚਿੱਕੜ ਅਤੇ ਹੋਰ ਕੂੜਾ ਕਰਕਟ ਸੁੱਟਿਆ ਸੀ | ਉਨ੍ਹਾਂ ਕਿਹਾ ਹੁਣ ਸਾਡੇ ਤਾਇਆ ਜੀ ਦੀ ਮੌਤ ਹੋਣ ਕਰਕੇ ਅਸੀਂ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਬੈਠੇ ਸੀ ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਘਰ ਦੇ ਗੇਟ ਅੱਗੇ ਗੁਆਂਢੀਆਂ ਨੇ ਕੂੜਾ ਸੁੱਟ ਦਿੱਤਾ ਹੈ | ਜਦ ਅਸੀਂ ਘਰ ਜਾ ਕੇ ਦੇਖਿਆ ਤਾਂ ਗੇਟ ਅੱਗੇ ਕੂੜਾ ਸੁੱਟਿਆ ਹੋਇਆ ਸੀ ਅਤੇ ਘਰ ਦੇ ਅੰਦਰ ਹੀ ਸਾਡੇ ਵਿਹੜੇ ਵਿਚ ਕਾਫ਼ੀ ਕੂੜਾ ਖਿੱਲਰਿਆ ਪਿਆ ਸੀ | ਉਨ੍ਹਾਂ ਕਿਹਾ ਅਸੀਂ ਪਹਿਲਾਂ ਹੀ ਪ੍ਰੇਸ਼ਾਨੀ ਦੇ ਆਲਮ 'ਚੋਂ ਗੁਜ਼ਰੇ ਹਾਂ ਅਤੇ ਉੱਪਰੋਂ ਸਾਨੂੰ ਇਨ੍ਹਾਂ ਵਲੋਂ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸਾਰੀ ਹਰਕਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਚੁੱਕੀ ਹੈ | ਉਨ੍ਹਾਂ ਨੇ ਪੁਲਿਸ ਚੌਕੀ ਇੰਚਾਰਜ ਭੰਗਾਲਾ ਦੇ ਪਾਸੋਂ ਮੰਗ ਕੀਤੀ ਕਿ ਸਾਡੀ ਗਲੀ ਵਿਚ ਗੇਟ ਸਾਹਮਣੇ ਗੰਦ ਮੰਦ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਵਾਇਆ ਜਾਵੇ | ਇਸ ਸੰਬੰਧੀ ਜਦੋਂ ਦੂਸਰੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਗਲੀ ਨੂੰ ਲੈ ਕੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਜੋ ਅਦਾਲਤ ਵਲੋਂ ਫ਼ੈਸਲਾ ਆਵੇਗਾ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ | ਇਸ ਸੰਬੰਧੀ ਜਦੋਂ ਪੁਲਿਸ ਚੌਕੀ ਇੰਚਾਰਜ ਭੰਗਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਧਿਰਾਂ ਨੂੰ ਚੌਕੀ ਵਿਚ ਬੁਲਾਇਆ ਗਿਆ ਹੈ ਅਤੇ ਬੈਠ ਕੇ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਯਾਦ 'ਚ ਮੇਲਾ ਅੱਜ ਅਗਲੀ ਖ਼ਬਰ ਖੇਡ ਪ੍ਰਮੋਟਰ ਗੁਰਮੀਤ ਸਿੰਘ ਫੁਗਲਾਣਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।