ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਨੇ ਰਾਸ਼ਟਰੀ ਯੁਵਾ ਦਿਵਸ ਮਨਾਉਣ ਲਈ 'ਸਕ੍ਰੀਨ ਟਾਈਮ ਤੋਂ ਗ੍ਰੀਨ ਟਾਈਮ ਤੱਕ : ਵਾਤਾਵਰਨ ਲਈ ਯੁਵਾ' ਵਿਸ਼ੇ 'ਤੇ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੀ ਪ੍ਰਧਾਨਗੀ ਵਾਇਸ ਚਾਂਸਲਰ ਪ੍ਰੋ. (ਡਾ.) ਚੰਦਰ ਮੋਹਨ ਨੇ ਕੀਤੀ | ਡਾਇਰੈਕਟਰ-ਪਿ੍ੰਸੀਪਲ ਡਾ. ਮਨਿੰਦਰ ਸਿੰਘ ਗਰੋਵਰ ਨੇ ਦੱਸਿਆ ਕਿ ਇਹ ਸੈਮੀਨਾਰ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਸੀ | ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਸੈਮੀਨਾਰ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਮੈਂਬਰ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰ ਨਿਰਮਾਣ ਅਤੇ ਵਾਤਾਵਰਨ ਸੁਰੱਖਿਆ 'ਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ | ਇਸ ਮੌਕੇ ਵਾਇਸ ਚਾਂਸਲਰ ਪ੍ਰੋ. (ਡਾ.) ਚੰਦਰ ਮੋਹਨ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਮੁੱਲ-ਆਧਾਰਿਤ ਸਿੱਖਿਆ, ਯੁਵਾ ਸਸ਼ਕਤੀਕਰਨ ਅਤੇ ਵਾਤਾਵਰਨ ਸਥਿਰਤਾ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਫਾਰਮੇਸੀ ਵਿਭਾਗ ਦੇ ਸਾਰੇ ਫੈਕਲਟੀ ਅਤੇ ਵਿਦਿਆਰਥੀ ਮੌਜੂਦ ਸਨ |