ਹੁਸ਼ਿਆਰਪੁਰ, 22 ਜਨਵਰੀ (ਹਰਪ੍ਰੀਤ ਕੌਰ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕਰਵਾਈ ਜਾ ਰਹੀ ਦੂਜੀ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰੀਮੀਅਰ ਲੀਗ ਦਾ ਫ਼ਾਈਨਲ ਮੈਚ ਡੀਸੀ-11 ਅਤੇ ਐਸਐਸਪੀ-11 ਦਰਮਿਆਨ ਖੇਡਿਆ ਜਾਵੇਗਾ | ਇਹ ਜਾਣਕਾਰੀ ਦਿਦਿਆਂ ਹੁਸ਼ਿਆਰਪੁਰ ਡਿਸਟਿ੍ਕਟ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਡੀਸੀ-11 ਅਤੇ ਸੋਨਾਲੀਕਾ-11 ਦਰਮਿਆਨ ਖੇਡੇ ਗਏ ਮੈਚ ਵਿਚ ਸੋਨਾਲੀਕਾ ਨੇ ਟਾਸ ਜਿੱਤ ਕੇ ਡੀਸੀ-11 ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ | ਡੀਸੀ-11 ਨੇ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ 188 ਦੌੜਾਂ ਬਣਾਈਆਂ | 189 ਦੌੜਾਂ ਦਾ ਟੀਚਾ ਲੈ ਕੇ ਮੈਦਾਨ 'ਚ ਉੱਤਰੀ ਸੋਨਾਲੀਕਾ ਦੀ ਟੀਮ 17.4 ਓਵਰਾਂ ਵਿਚ 133 ਦੌੜਾਂ ਬਣਾ ਕੇ ਆਊਟ ਹੋ ਗਈ | ਇਸ ਤਰਾਂ ਡੀਸੀ-11 ਨੇ ਮੈਚ ਜਿੱਤ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ | ਡਾ. ਘਈ ਨੇ ਦੱਸਿਆ ਕਿ ਫਾਈਨਲ ਮੈਚ ਡੀਸੀ-11 ਤੇ ਐਸਐਸਪੀ-11 ਦਰਮਿਆਨ ਹੋਵੇਗਾ | ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਜੀਤ ਖੇਲਾ ਨੇ ਦੱਸਿਆ ਕਿ ਇਸ ਲੀਗ ਦਾ ਉਦੇਸ਼ ਨੌਜਵਾਨਾਂ, ਜ਼ਿਲ੍ਹੇ ਦੇ ਕਾਰਪੋਰੇਟ ਸੈਕਟਰ ਅਤੇ ਸਰਕਾਰੀ ਮੁਲਾਜ਼ਮਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿਚ ਸਹਿਯੋਗ ਦੇ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ | ਜ਼ਿਲ੍ਹਾ ਕੋਚ ਦਲਜੀਤ ਸਿੰਘ, ਜੂਨੀਅਰ ਕੋਚ ਦਲਜੀਤ ਧੀਮਾਨ, ਪੰਕਜ ਪਿੰਕਾ, ਦਿਨੇਸ਼ ਕੁਮਾਰ, ਟਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ ਅਤੇ ਨੀਕਿਤਾ ਕੁਮਾਰੀ ਵਲੋਂ ਇਸ ਲੀਗ 'ਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ |