ਚੋਗਾਵਾਂ/ਅੰਮ੍ਰਿਤਸਰ, 15 ਅਕਤੂਬਰ ( ਗੁਰਵਿੰਦਰ ਸਿੰਘ ਕਲਸੀ)-ਨਸ਼ਾ ਵਿਰੋਧੀ ਕਾਰਕੁਨ ਭਾਈ ਪਰਵਿੰਦਰ ਸਿੰਘ ਝੋਟਾ ਦੇ ਨਸ਼ਾ ਸਮਗਲਰਾਂ ਵੱਲੋਂ ਕੀਤੇ ਗਏ ਬੇਰਹਿਮ ਕਤਲ ਦੇ ਵਿਰੋਧ ਵਿੱਚ ਅੱਜ 'ਅਕਾਲੀ ਦਲ ਵਾਰਿਸ ਪੰਜਾਬ' ਸਮੇਤ ਵੱਖ-ਵੱਖ ਸਿੱਖ, ਕਿਸਾਨ ਜਥੇਬੰਦੀਆਂ ਅਤੇ ਨੰਬਰਦਾਰ ਯੂਨੀਅਨ ਵੱਲੋਂ ਚੋਗਾਵਾਂ ਚੌਂਕ ਵਿਖੇ ਤਿੱਖਾ ਰੋਸ ਧਰਨਾ ਦਿੱਤਾ ਗਿਆ।ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦਾ ਪੁਤਲਾ ਫੂਕਿਆ।
ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਰਾਜਾ ਸਾਂਸੀ ਤੋਂ ਇੰਚਾਰਜ ਸ. ਦਲਜੀਤ ਸਿੰਘ ਮਿਆਦੀਆਂ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਖ਼ਤਮ ਹੋ ਚੁੱਕੀ ਹੈ ਅਤੇ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਭਾਈ ਝੋਟਾ ਦੇ ਕਾਤਲਾਂ ਅਤੇ ਨਸ਼ਾ ਸਮਗਲਰਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਬਾਬਾ ਰਣਜੋਧ ਸਿੰਘ, ਬੀਬੀ ਬਲਵਿੰਦਰ ਕੌਰ ਵੈਰੋਕੇ, ਸੁਖਰਾਜ ਸਿੰਘ, ਬਲਦੇਵ ਸਿੰਘ ਫੌਜੀ, ਨੰਬਰਦਾਰ ਤਾਰਾ ਚੰਦ ਗੁਲਾਬ ਸਮੇਤ ਆਗੂਆਂ ਨੇ ਵੀ ਸੰਬੋਧਨ ਕੀਤਾ।