ਨਵੀਂ ਦਿੱਲੀ, 23 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗਲਵਾਰ ਨੂੰ ਕਤਰ ਦੇ ਅਮੀਰ, ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦਾ ਫ਼ੋਨ ਆਇਆ, ਜਿਨ੍ਹਾਂ ਨੇ ਕਤਰ ਦੇ ਰਾਸ ਲਾਫਾਨ ਇੰਡਸਟਰੀਅਲ ਸਿਟੀ ’ਚ ਇਕ ਦੁਖਦਾਈ ਹਾਦਸੇ ’ਚ ਮਾਰੇ ਗਏ ਭਾਰਤੀ ਨਾਗਰਿਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਐਤਵਾਰ ਰਾਤ ਕਤਰ ਦੇ ਰਾਸ ਲਾਫਾਨ ਇੰਡਸਟਰੀਅਲ ਸਿਟੀ ’ਚ ਇਕ ਐਲ.ਐਨ.ਜੀ. ਸਹੂਲਤ ’ਚ ਹੋਏ ਧਮਾਕੇ ’ਚ ਮਾਰੇ ਗਏ 13 ਲੋਕਾਂ ’ਚ ਬਾਰਾਂ ਭਾਰਤੀ ਵੀ ਸ਼ਾਮਿਲ ਸਨ। ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਮੈਂ ਕਤਰ ਦੇ ਅਮੀਰ ਦਾ ਫੋਨ ਕਾਲ ਕਰਨ ਤੇ ਕਤਰ ਦੇ ਰਾਸ ਲਾਫਾਨ ਇੰਡਸਟਰੀਅਲ ਸਿਟੀ ’ਚ ਹੋਏ ਦੁਖਦਾਈ ਹਾਦਸੇ ’ਚ ਭਾਰਤੀ ਨਾਗਰਿਕਾਂ ਦੇ ਜਾਨੀ ਨੁਕਸਾਨ ’ਤੇ ਹਮਦਰਦੀ ਪ੍ਰਗਟ ਕਰਨ ਲਈ ਧੰਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਤੇ ਕਤਰ ਦੇ ਅਮੀਰ ਉਨ੍ਹਾਂ ਪਰਿਵਾਰਾਂ ਦੇ ਦੁੱਖ ’ਚ ਸ਼ਾਮਿਲ ਹਾਂ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਤੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਨ। ਮੋਦੀ ਨੇ ਕਿਹਾ ਕਿ ਭਾਰਤ ਤੇ ਕਤਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ’ਤੇ ਅਡੋਲ ਹਨ ਅਤੇ ਇਕ-ਦੂਜੇ ਨਾਲ ਇਕਜੁਟਤਾ ਨਾਲ ਖੜ੍ਹੇ ਹਨ।
ਕਤਰ ਦੇ ਅਮੀਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਫੋਨ
ਅਜੀਤ ਡੈਸਕ
24-06-2026