ਚੰਡੀਗਡ਼੍ਹ, 23 ਜੂਨ (ਯੂ.ਐਨ.ਆਈ.)-ਪੰਜਾਬ ਵਿਚ ਔਰਤਾਂ ਨੂੰ ਮਿਲ ਰਹੀਆਂ ਮੁਫ਼ਤ ਸਹੂਲਤਾਂ ਅਤੇ ਵਿੱਤੀ ਸਹਾਇਤਾ ਦੀ ਤਰਜ਼ ’ਤੇ ਹੁਣ ਸੂਬੇ ਦੇ ਨੌਜਵਾਨਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਅਨੋਖੇ ਢੰਗ ਨਾਲ ਮੰਗ ਰੱਖ ਦਿੱਤੀ ਹੈ। ਪੰਜਾਬ ਦੇ ਤਲਵਾਡ਼ਾ ਇਲਾਕੇ ਦੇ ਨੌਜਵਾਨਾਂ ਦੇ ਇੱਕ ਗਰੁੱਪ ਵਲੋਂ ਤਿਆਰ ਕੀਤਾ ਗਿਆ ਇਕ ਰੈਪ ਗੀਤ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਰਿਲੀਜ਼ ਹੋਣ ਦੇ ਮਹਿਜ਼ 11 ਘੰਟਿਆਂ ਦੇ ਅੰਦਰ ਹੀ 30 ਲੱਖ (3 ਮਿਲੀਅਨ) ਤੋਂ ਵੱਧ ਵਿਊਜ਼ ਹਾਸਿਲ ਕਰਕੇ ਇੰਟਰਨੈੱਟ ’ਤੇ ਧੂਮ ਮਚਾ ਦਿੱਤੀ ਹੈ। ਤਲਵਾੜਾ ਦੇ ਨੌਜਵਾਨਾਂ ਨੇ ਬਣਾਇਆ ਇਹ ਰੈਪ ਗੀਤ ਅੱਜ ਸਵੇਰੇ ਇੰਸਟਾਗ੍ਰਾਮ ਪੇਜ ‘ਤਲਵਾਡ਼ਾ_ਚੈਪਰ’ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਵੀਡੀਓ ਵਿਚ ਨੌਜਵਾਨ ਇਹ ਗਿਲਾ ਕਰਦੇ ਸੁਣਾਈ ਦੇ ਰਹੇ ਹਨ ਕਿ ਪੰਜਾਬ ਸਰਕਾਰ ਦੀਆਂ ਕਈ ਅਹਿਮ ਯੋਜਨਾਵਾਂ, ਜਿਵੇਂ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਅਤੇ ਔਰਤਾਂ ਲਈ ‘ਮੁਫ਼ਤ ਬੱਸ ਸਫ਼ਰ ਸਹੂਲਤ’, ਸਿਰਫ਼ ਔਰਤਾਂ ਲਈ ਹੀ ਰਾਖਵੀਆਂ ਹਨ। ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਮਰਦਾਂ ਨੂੰ ਵੀ ਕੁਝ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ ਮਿਲਣ ਵਾਲੀ ਰਾਸ਼ੀ ਦੀ ਅੱਧੀ ਰਕਮ, ਯਾਨੀ ਘੱਟੋ-ਘੱਟ 500 ਰੁਪਏ ਪ੍ਰਤੀ ਮਹੀਨਾ ਮਰਦਾਂ ਦੇ ਖਾਤੇ ਵਿਚ ਵੀ ਪਾਈ ਜਾਵੇ।
ਨੌਜਵਾਨਾਂ ਨੇ ਰੈਪ ਗੀਤ ਗਾ ਕੇ ਮੰਗੀ ਪੰਜਾਬ ਦੇ ਮੁੱਖ ਮੰਤਰੀ ਤੋਂ ਵਿੱਤੀ ਸਹਾਇਤਾ
ਅਜੀਤ ਡੈਸਕ
24-06-2026