26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਯੂਰਪ ’ਚ ਗਰਮੀ ਦਾ ਕਹਿਰ-ਫਰਾਂਸ ’ਚ ਦੋ ਬੱਚਿਆਂ ਸਣੇ 18 ਮੌਤਾਂ

ਅਜੀਤ ਡੈਸਕ 24-06-2026


ਪੈਰਿਸ/ਮੈਡਰਿਡ/ਲੰਡਨ, 23 ਜੂਨ (ਰਾਇਟਰਜ਼)-ਯੂਰਪ ਦੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ’ਚ ਹਨ। ਫਰਾਂਸ ਵਿਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਸ਼ਹਿਰਾਂ ਵਿਚ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟ ਗਏ ਹਨ।ਫਰਾਂਸ ਦੇ ਦੱਖਣ-ਪੂਰਬੀ ਸ਼ਹਿਰ ਕਾਰਪੈਂਟਰਾਸ ’ਚ ਦੋ ਤੇ ਚਾਰ ਸਾਲ ਦੇ ਦੋ ਬੱਚੇ ਕਾਰ ’ਚ ਬੇਹੋਸ਼ ਮਿਲੇ। ਇਸ ਤੋਂ ਇਲਾਵਾ ਬੋਰਿਡਓਕਸ ਖੇਤਰ ਵਿਚ 80 ਤੋਂ 95 ਸਾਲ ਉਮਰ ਦੇ ਤਿੰਨ ਬਜ਼ੁਰਗਾਂ ਦੀ ਗਰਮੀ ਕਾਰਨ ਸਿਹਤ ਵਿਗੜਨ ਨਾਲ ਮੌਤ ਹੋ ਗਈ। ਐਤਵਾਰ ਤੇ ਸੋਮਵਾਰ ਦੌਰਾਨ ਤੈਰਾਕੀ ਦੌਰਾਨ ਡੁੱਬਣ ਕਾਰਨ 13 ਹੋਰ ਲੋਕਾਂ ਦੀ ਵੀ ਜਾਨ ਚਲੀ ਗਈ।ਫਰਾਂਸ ਦੇ ਬੋਰਿਡਓਕਸ ਸ਼ਹਿਰ ਵਿਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਨਵਾਂ ਰਿਕਾਰਡ ਹੈ। ਪੋਇਟਿਏਰ ਵਿਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 1947 ਦਾ ਰਿਕਾਰਡ ਤੋੜ ਦਿੱਤਾ ਹੈ। ਸਪੇਨ ਦੇ ਸਾਨ ਸੇਬਾਸਤਿਆਨ ਸ਼ਹਿਰ ਵਿਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ।ਬਰਤਾਨੀਆ ਦੇ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿਚ ਚਾਰ ਦਿਨਾਂ ਦੀ ਗਰਮੀ ਦੀ ਲਹਿਰ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਜਾ ਸਕਦਾ ਹੈ, ਜਿਸ ਨਾਲ 1957 ਤੇ 1976 ਵਿੱਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟ ਸਕਦਾ ਹੈ।ਇਟਲੀ ਨੇ 12 ਸ਼ਹਿਰਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਹੈ। ਟਿਊਰਿਨ ਵਿਚ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਨੂੰ ਦੇਖਦਿਆਂ ਵਾਧੂ ਜਨਰੇਟਰ ਲਗਾਏ ਗਏ ਹਨ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ ਹਨ।ਬੈਲਜੀਅਮ ਵਿਚ ਗਰਮੀ ਦਾ ਅਸਰ ਜੰਗਲੀ ਜੀਵਾਂ ’ਤੇ ਪਿਆ ਹੈ। ਟੈਂਪਲੂਕਸ ਸਥਿਤ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਵਿਚ ਪਿਛਲੇ ਤਿੰਨ ਦਿਨਾਂ ਦੌਰਾਨ 150 ਤੋਂ ਵੱਧ ਪੰਛੀਆਂ ਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਪੰਛੀ ਆਪਣੇ ਆਲ੍ਹਣਿਆਂ ਤੋਂ ਛਾਲਾਂ ਮਾਰ ਰਹੇ ਹਨ।ਮਾਹਿਰਾਂ ਦਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਹੀਟਵੇਵ ਅਤੇ ਤੂਫ਼ਾਨਾਂ ਦੀ ਤੀਬਰਤਾ ਵੱਧ ਰਹੀ ਹੈ, ਜਿਸ ਕਾਰਨ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਮੌਸਮੀ ਹਾਲਾਤ ਹੋਰ ਗੰਭੀਰ ਬਣ ਰਹੇ ਹਨ।

ਪਿਛਲੀ ਖ਼ਬਰ ਨੌਜਵਾਨਾਂ ਨੇ ਰੈਪ ਗੀਤ ਗਾ ਕੇ ਮੰਗੀ ਪੰਜਾਬ ਦੇ ਮੁੱਖ ਮੰਤਰੀ ਤੋਂ ਵਿੱਤੀ ਸਹਾਇਤਾ ਅਗਲੀ ਖ਼ਬਰ ਈਰਾਨ ਤੋਂ ਤੁਰੰਤ ਨਹੀਂ ਹਟਾਈਆਂ ਜਾ ਰਹੀਆਂ ਪਾਬੰਦੀਆਂ -ਇਸਹਾਕ ਡਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।