ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ)-ਇਸਲਾਮਾਬਾਦ ਸਮਝੌਤੇ ਤੋਂ ਬਾਅਦ ਗੱਲਬਾਤ ਦੇ ਅਗਲੇ ਪੜਾਅ ’ਚ ਦਾਖ਼ਲ ਹੋਏ ਅਮਰੀਕਾ ਅਤੇ ਈਰਾਨ ਬਾਰੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਦਾਅਵਾ ਕੀਤਾ ਹੈ ਕਿ ਈਰਾਨ ਤੋਂ ਪਾਬੰਦੀਆਂ ਤੁਰੰਤ ਨਹੀਂ ਹਟਾਈਆਂ ਜਾ ਰਹੀਆਂ। ਇਕ ਵਿਦੇਸ਼ੀ ਨਿਊਜ਼ ਚੈਨਲ ਨਾਲ ਇੰਟਰਵਿਊ ’ਚ ਡਾਰ ਨੇ ਕਿਹਾ ਕਿ ਈਰਾਨ ਆਪਣੇ ਪ੍ਰਮਾਣੂ ਭੰਡਾਰ ਨੂੰ ਘੱਟ ਪੱਧਰ ਤੱਕ ਘਟਾਉਣ ਲਈ ਤਿਆਰ ਹੈ, ਪਰ ਭਵਿੱਖ ਦੀਆਂ ਪਾਬੰਦੀਆਂ ਵਾਸ਼ਿੰਗਟਨ ਅਤੇ ਤਹਿਰਾਨ ਆਪਸੀ ਸਲਾਹ-ਮਸ਼ਵਰੇ ਰਾਹੀਂ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਗੱਲਬਾਤ ਲਈ ਤਿੰਨ ਤਕਨੀਕੀ ਸਮੂਹ ਬਣਾਏ ਗਏ ਹਨ ਅਤੇ ਗੱਲਬਾਤ ਦਾ ਅਗਲਾ ਪੜਾਅ ਤਿੰਨ ਮੁੱਖ ਮੁੱਦਿਆਂ, ਆਰਥਿਕ ਪਾਬੰਦੀਆਂ, ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਅਤੇ ਲਿਬਨਾਨ ’ਤੇ ਕੇਂਦ੍ਰਿਤ ਹੋਵੇਗਾ।ਡਾਰ ਅਨੁਸਾਰ ਦੋਵੇਂ ਧਿਰਾਂ ਨੂੰ ਬਾਕੀ ਗੱਲਬਾਤ ਪ੍ਰਕਿਰਿਆ ਨੂੰ ਪੂਰਾ ਕਰਨ ਲਈ 30 ਦਿਨ ਦਿੱਤੇ ਗਏ ਹਨ, ਜਦੋਂ ਕਿ 60 ਦਿਨਾਂ ਦੇ ਅੰਦਰ ਵਿਆਪਕ ਪ੍ਰਗਤੀ ਕਰਕੇ ਇਕ ਅੰਤਿਮ ਸਮਝੌਤਾ ਹੋਣਾ ਚਾਹੀਦਾ ਹੈ। ਇਸ ’ਚ ਆਪਸੀ ਸਹਿਮਤੀ ਨਾਲ ਸਮਾਂ-ਸੀਮਾ ਵਧਾਉਣ ਦੀ ਵੀ ਗੁੰਜਾਇਸ਼ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਸਮਝੌਤੇ ’ਚ ਸਹਿਮਤੀ ਨਾਲ ਤੈਅ ਹੋਈ ਹਰ ਚੀਜ਼ ਸਪੱਸ਼ਟ ਤੌਰ ’ਤੇ ਦੱਸੀ ਗਈ ਹੈ ਅਤੇ ਪਾਕਿ ਦਾ ਇਸ ਮਾਮਲੇ ’ਚ ਕੋਈ ਨਿੱਜੀ ਹਿਤ ਨਹੀਂ ਹੈ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਲਿਬਨਾਨ ’ਤੇ ਇਜ਼ਰਾਈਲੀ ਹਮਲਿਆਂ ਕਾਰਨ ਅਮਰੀਕਾ-ਈਰਾਨ ਕੂਟਨੀਤਕ ਪ੍ਰਕਿਰਿਆ ਲਗਭਗ ਖ਼ਤਮ ਹੋ ਗਈ ਸੀ, ਪਰ ਪਾਕਿਸਤਾਨ ਅਤੇ ਹੋਰ ਭਾਈਵਾਲਾਂ ਦੀਆਂ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ’ਤੇ ਵਾਪਸ ਲਿਆਂਦਾ ਗਿਆ। ਡਾਰ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ-ਈਰਾਨ ਸਮਝੌਤਾ ਪੱਤਰ ਬਹੁਤ ਧਿਆਨ ਨਾਲ ਤਿਆਰ ਕੀਤਾ ਗਿਆ ਹੈ ਅਤੇ ਕਿਸੇ ਨੂੰ ਵੀ ਦੋਵਾਂ ਧਿਰਾਂ ਦੇ ਇਰਾਦਿਆਂ ਬਾਰੇ ਸ਼ੱਕ ਨਹੀਂ ਪ੍ਰਗਟ ਕਰਨਾ ਚਾਹੀਦਾ।
ਈਰਾਨ ਤੋਂ ਤੁਰੰਤ ਨਹੀਂ ਹਟਾਈਆਂ ਜਾ ਰਹੀਆਂ ਪਾਬੰਦੀਆਂ -ਇਸਹਾਕ ਡਾਰ
ਅਜੀਤ ਡੈਸਕ
24-06-2026