ਹੈਦਰਾਬਾਦ, 16 ਮਈ (ਪੀ. ਟੀ. ਆਈ.)-ਤੇਲੰਗਾਨਾ ਪੁਲਿਸ ਨੇ ਸਨਿਚਰਵਾਰ ਸ਼ਾਮ ਨੂੰ ਕੇਂਦਰੀ ਮੰਤਰੀ ਬਾਂਦੀ ਸੰਜੈ ਕੁਮਾਰ ਦੇ ਪੁੱਤਰ ਬਾਂਦੀ ਭਗੀਰਥ ਨੂੰ ਪੋਕਸੋ ਐਕਟ ਤਹਿਤ ਗਿ੍ਫ਼ਤਾਰ ਕਰ ਲਿਆ ਹੈ | ਇਹ ਗਿ੍ਫ਼ਤਾਰੀ ਉਸ ਦੇ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਲ 'ਚ ਲਿਆਂਦੀ ਗਈ | ਭਗੀਰਥ 'ਤੇ ਸਾਲ 2025 'ਚ ਇਕ 17 ਸਾਲ ਦੀ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ ਲੱਗੇ ਸਨ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਮੁਲਾਕਾਤ ਕੁਝ ਸਾਂਝੇ ਦੋਸਤਾਂ ਰਾਹੀਂ ਹੋਈ ਸੀ | ਇਸ ਤੋਂ ਪਹਿਲਾਂ ਦਿਨ ਵੇਲੇ ਕੇਂਦਰੀ ਮੰਤਰੀ ਸੰਜੈ ਕੁਮਾਰ ਨੇ ਆਪਣੇ ਪੁੱਤਰ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋਣ ਅਤੇ ਜਾਂਚ 'ਚ ਸ਼ਾਮਿਲ ਹੋਣ ਲਈ ਕਿਹਾ ਸੀ | ਕੇਂਦਰੀ ਮੰਤਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਸ਼ਿਕਾਇਤ ਦਰਜ ਹੋਣ ਦੇ ਤੁਰੰਤ ਬਾਅਦ ਹੀ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪੁਲਿਸ ਨਾਲ ਪੂਰਾ ਸਹਿਯੋਗ ਕਰਨ ਦੀ ਹਦਾਇਤ ਦਿੱਤੀ ਸੀ |