ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਵਲੋਂ ਅੱਜ ਪਿਛਲੇ ਇਜਲਾਸ ਤੋਂ ਬਾਅਦ ਸਦੀਵੀਂ ਵਿਛੋੜਾ ਦੇਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਦਨ ਵਲੋਂ ਨਸ਼ਾ ਵਿਰੋਧੀ ਸਮਾਜਿਕ ਕਾਰਕੁੰਨ ਤੇ ਸਾਬਕਾ ਖਿਡਾਰੀ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਮੁੱਚੇ ਪੰਜਾਬ ’ਚ ਨਸ਼ੇ ਦੀ ਬੁਰੀ ਅਲਾਮਤ ਵਿਰੁੱਧ ਨੌਜਵਾਨਾਂ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਤੇ ਇਸ ਨਸ਼ਾ ਰੂਪੀ ਜ਼ਹਿਰ ਨੂੰ ਵੇਚਣ ਵਾਲਿਆਂ ਵਿਰੁੱਧ ਜੂਝਣ ਵਾਲੀ ਬੁਲੰਦ ਆਵਾਜ਼, ਸਮਾਜਿਕ ਕਾਰਕੁਨ, ਸਾਬਕਾ ਕਬੱਡੀ ਖਿਡਾਰੀ ਅਤੇ ਬੌਕਸਰ ਪਰਵਿੰਦਰ ਸਿੰਘ ਉਰਫ ਝੋਟਾ 13 ਅਕਤੂਬਰ ਨੂੰ ਇਕ ਦੁਖਦਾਈ ਘਟਨਾ ’ਚ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਹਨ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਨ੍ਹਾਂ ਵਲੋਂ ਪਾਇਆ ਗਿਆ ਵਡਮੁੱਲਾ ਯੋਗਦਾਨ ਅਤੇ ਨਸ਼ਾ ਤਸਕਰਾਂ ਵਿਰੁੱਧ ਡਟਵਾਂ ਸੰਘਰਸ਼ ਹਮੇਸ਼ਾ ਇਤਿਹਾਸ ਦੇ ਪੰਨਿਆਂ ’ਚ ਅਮਰ ਰਹੇਗਾ। ਸਪੀਕਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਹਾਨ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਦੇ ਇਸ ਨਿਰਸਵਾਰਥ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਗੀਆਂ। ਉਨ੍ਹਾਂ ਕਿਹਾ ਕਿ ਸਮੂਹ ਸਦਨ ਇਸ ਦੁਖਦਾਈ ਘਟਨਾ ਦੀ ਘੋਰ ਨਿੰਦਾ ਕਰਦਾ ਹੋਇਆ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਇਸਦੇ ਇਲਾਵਾ ਸਦਨ ਨੇ ਸਾਬਕਾ ਡਿਪਟੀ ਸਪੀਕਰ, ਸਾਬਕਾ ਮੰਤਰੀ ਅਤੇ ਮੌਜੂਦਾ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ, ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਰਣਜੀਤ ਸਿੰਘ, ਉੱਘੇ ਡਾਕਟਰ ਰਤਨ ਲਾਲ ਮਿੱਤਲ, ਵਿਧਾਇਕ ਸ. ਮਨਜੀਤ ਸਿੰਘ ਬਿਲਾਸਪੁਰ ਦੇ ਮਾਤਾ ਸ੍ਰੀਮਤੀ ਵਿਦਿਆ ਕੌਰ ਅਤੇ ਇਕ ਗਰਭਵਤੀ ਔਰਤ ਸਮੇਤ ਅੱਠ ਮਜ਼ਦੂਰਾਂ, ਜਿਨ੍ਹਾਂ ਦੀ ਸੰਗਰੂਰ ਜ਼ਿਲ੍ਹੇ ’ਚ ਇਕ ਦੁਖਦਾਈ ਹਾਦਸੇ ਦੌਰਾਨ ਮੌਤ ਹੋ ਗਈ ਸੀ, ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸਪੀਕਰ ਨੇ ਵੀ ਵਿਛੜੀਆਂ ਰੂਹਾਂ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਸੰਖੇਪ ’ਚ ਦੱਸਿਆ। ਸ਼ਰਧਾਂਜਲੀਆਂ ਦੌਰਾਨ ਵਿੱਛੜੀਆਂ ਰੂਹਾਂ ਦੇ ਸਤਿਕਾਰ ਤੇ ਯਾਦ ’ਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਉਪਰੰਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ 23 ਅਕਤੂਬਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ।
ਪਰਵਿੰਦਰ ਸਿੰਘ ਝੋਟਾ ਸਮੇਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ
ਚੰਡੀਗੜ੍ਹ, 22 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਵਲੋਂ ਅੱਜ ਪਿਛਲੇ ਇਜਲਾਸ ਤੋਂ ਬਾਅਦ ਸਦੀਵੀਂ ਵਿਛੋੜਾ ਦੇਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਦਨ ਵਲੋਂ ਨਸ਼ਾ ਵਿਰੋਧੀ ...
ਅਜੀਤ ਡੈਸਕ
23-10-2026