ਨਵੀਂ ਦਿੱਲੀ, 16 ਮਈ (ਏਜੰਸੀ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਅਕਾਦਮਿਕ ਸੈਸ਼ਨ 2026-27 ਲਈ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲੀ ਜੁਲਾਈ ਤੋਂ ਤਿੰਨ ਭਾਸ਼ਾਵਾਂ ਪੜ੍ਹਨਾ ਲਾਜ਼ਮੀ ਕਰ ਦਿੱਤਾ ਹੈ | ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ 'ਚੋਂ ਘੱਟੋ-ਘੱਟ ਦੋ ਭਾਸ਼ਾਵਾਂ ਭਾਰਤੀ ਮੂਲ ਦੀਆਂ ਹੋਣਾ ਜ਼ਰੂਰੀ ਹੈ | ਵਿਦਿਆਰਥੀ ਵਿਦੇਸ਼ੀ ਭਾਸ਼ਾਵਾਂ ਨੂੰ ਚੌਥੀ ਭਾਸ਼ਾ ਵਜੋਂ ਪੜ੍ਹ ਸਕਣਗੇ | ਬੋਰਡ ਨੇ ਦੱਸਿਆ ਕਿ ਇਹ ਫ਼ੈਸਲਾ ਅਕਾਦਮਿਕ ਸਾਲ 2026-27 ਲਈ ਹਾਲ ਹੀ 'ਚ ਜਾਰੀ ਕੀਤੇ ਗਏ ਐਨ.ਸੀ.ਈ.ਆਰ.ਟੀ. ਦੇ 9ਵੀਂ ਅਤੇ 10ਵੀਂ ਜਮਾਤ ਦੇ ਸਿਲੇਬਸ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ ਹੈ | ਇਸ ਤਹਿਤ ਜਿਹੜੇ ਵਿਦਿਆਰਥੀ ਕੋਈ ਵਿਦੇਸ਼ੀ ਭਾਸ਼ਾ ਪੜ੍ਹਨਾ ਚਾਹੁੰਦੇ ਹਨ, ਉਹ ਇਸ ਦੀ ਚੋਣ ਉਦੋਂ ਹੀ ਕਰ ਸਕਦੇ ਹਨ ਜੇਕਰ ਉਨ੍ਹਾਂ ਵਲੋਂ ਚੁਣੀਆਂ ਗਈਆਂ ਬਾਕੀ ਦੋਵੇਂ ਭਾਸ਼ਾਵਾਂ ਭਾਰਤੀ ਮੂਲ ਦੀਆਂ ਹੋਣ | ਵਿਦੇਸ਼ੀ ਭਾਸ਼ਾਵਾਂ ਨੂੰ ਇਕ ਵਾਧੂ ਚੌਥੀ ਭਾਸ਼ਾ ਵਜੋਂ ਵੀ ਪੜਿ੍ਹਆ ਜਾ ਸਕਦਾ ਹੈ | ਸੀ.ਬੀ.ਐਸ.ਈ. ਨੇ ਆਪਣੇ ਨਾਲ ਜੁੜੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਪਾਠਕ੍ਰਮ ਦੇ ਉਦੇਸ਼ਾਂ ਅਤੇ ਨਤੀਜਿਆਂ ਦੀ ਸਮੀਖਿਆ ਕਰਨ | ਸਰਕੂਲਰ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਤੀਜੀ ਭਾਸ਼ਾ ਲਈ ਵਿਸ਼ੇਸ਼ ਪਾਠ ਪੁਸਤਕਾਂ ਤਿਆਰ ਨਹੀਂ ਹੋ ਜਾਂਦੀਆਂ, ਉਦੋਂ ਤੱਕ ਅਕਾਦਮਿਕ ਸੈਸ਼ਨ 2026-27 ਲਈ 9ਵੀਂ ਜਮਾਤ ਦੇ ਵਿਦਿਆਰਥੀ ਆਪਣੀ ਪਸੰਦ ਦੀ ਭਾਸ਼ਾ ਦੀ 6ਵੀਂ ਜਮਾਤ ਵਾਲੀ ਆਰ3 ਪਾਠ ਪੁਸਤਕ ਦੀ ਵਰਤੋਂ ਕਰ ਸਕਦੇ ਹਨ | ਸਕੂਲਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਪਾਠ ਪੁਸਤਕਾਂ ਦੇ ਨਾਲ-ਨਾਲ ਸਥਾਨਕ ਸਾਹਿਤ ਜਿਵੇਂ ਕਿ ਕਵਿਤਾਵਾਂ, ਛੋਟੀਆਂ ਕਹਾਣੀਆਂ ਅਤੇ ਨਾਵਲਾਂ ਦੀ ਵਰਤੋਂ ਵੀ ਕਰ ਸਕਦੇ ਹਨ | ਸੀ.ਬੀ.ਐਸ.ਈ. ਨੇ ਕਿਹਾ ਹੈ ਕਿ ਇਸ ਵਾਧੂ ਪੜ੍ਹਨ ਸਮੱਗਰੀ ਦੀ ਚੋਣ ਅਤੇ ਇਸ ਨੂੰ ਪੜ੍ਹਾਉਣ ਦੇ ਤਰੀਕਿਆਂ ਬਾਰੇ ਵਿਸਤਿ੍ਤ ਦਿਸ਼ਾ-ਨਿਰਦੇਸ਼ 15 ਜੂਨ 2026 ਤੱਕ ਜਾਰੀ ਕਰ ਦਿੱਤੇ ਜਾਣਗੇ |