ਹੇਗ, 16 ਮਈ (ਪੀ.ਟੀ.ਆਈ.)-ਭਾਰਤ ਨੂੰ 'ਮੌਕਿਆਂ ਦੀ ਧਰਤੀ' ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਇਕ ਬੇਮਿਸਾਲ ਤਬਦੀਲੀ 'ਚੋਂ ਗੁਜ਼ਰ ਰਿਹਾ ਹੈ ਅਤੇ ਇਸ ਦੀਆਂ ਇੱਛਾਵਾਂ ਹੁਣ ਆਪਣੀਆਂ ਸਰਹੱਦਾਂ ਤੱਕ ਸੀਮਤ ਨਹੀਂ ਹਨ | ਨੀਦਰਲੈਂਡ ਦੀ ਰਾਜਧਾਨੀ ਹੇਗ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵੱਡੇ ਸੁਪਨੇ ਦੇਖ ਰਿਹਾ ਹੈ ਅਤੇ ਇਸ ਦੇ ਨੌਜਵਾਨ ਅਸਮਾਨ ਨੂੰ ਛੂਹਣ ਦੀ ਇੱਛਾ ਰੱਖਦੇ ਹਨ | 40 ਮਿੰਟਾਂ ਤੋਂ ਵੱਧ ਸਮੇਂ ਤੱਕ ਚੱਲੇ ਆਪਣੇ ਭਾਸ਼ਨ ਦੌਰਾਨ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਵਿਚ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਐਲਾਨ ਕਰਦਾ ਹੈ ਕਿ ਅਸੀਂ ਸਿਰਫ਼ ਬਦਲਾਅ ਨਹੀਂ ਚਾਹੁੰਦੇ, ਅਸੀਂ ਸਭ ਤੋਂ ਵਧੀਆ ਚਾਹੁੰਦੇ ਹਾਂ ਅਤੇ ਅਸੀਂ ਸਭ ਤੋਂ ਤੇਜ਼ ਰਫ਼ਤਾਰ ਚਾਹੁੰਦੇ ਹਾਂ | ਇਸੇ ਲਈ ਜਿਵੇਂ ਕਿ ਭਾਰਤ ਵਿਚ ਅਸੀਮ ਇੱਛਾਵਾਂ ਹਨ ਅਤੇ ਇਸ ਦੇ ਯਤਨ ਵੀ ਅਸੀਮ ਹੁੰਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਬੇਮਿਸਾਲ ਤਬਦੀਲੀ ਦੇ ਪੜਾਅ 'ਚੋਂ ਲੰਘ ਰਿਹਾ ਹੈ | ਹਾਲ ਹੀ ਵਿਚ ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਨੇ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸਫਲ ਏ.ਆਈ. ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ¢ ਇਸ ਤੋਂ ਪਹਿਲਾਂ ਭਾਰਤ ਨੇ ਜੀ20 ਸੰਮੇਲਨ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਵੀ ਕੀਤੀ ਸੀ ਅਤੇ ਇਹ ਇਕ ਵਾਰ ਦਾ ਪ੍ਰੋਗਰਾਮ ਨਹੀਂ ਸੀ | ਇਹ ਹੁਣ ਅੱਜ ਦੇ ਭਾਰਤ ਦਾ ਚਰਿੱਤਰ ਬਣ ਗਿਆ ਹੈ | ਉਨ੍ਹਾਂ ਨੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਨੈੱਟਵਰਕ ਹੈ | ਭਾਰਤ ਦੀਆਂ ਇੱਛਾਵਾਂ ਅੱਜ ਆਪਣੀਆਂ ਸਰਹੱਦਾਂ ਤੱਕ ਸੀਮਤ ਨਹੀਂ ਹਨ | ਉਨ੍ਹਾਂ ਕਿਹਾ ਕਿ ਭਾਰਤ ਉਲੰਪਿਕ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਇਕ ਗਲੋਬਲ ਨਿਰਮਾਣ ਕੇਂਦਰ ਬਣਨਾ ਚਾਹੁੰਦਾ ਹੈ, ਹਰੀ ਊਰਜਾ ਵਿਚ ਇੱਕ ਮੋਹਰੀ ਵਜੋਂ ਉਭਰਨਾ ਚਾਹੁੰਦਾ ਹੈ ਅਤੇ ਦੁਨੀਆ ਦਾ ਵਿਕਾਸ ਇੰਜਣ ਬਣਨਾ ਚਾਹੁੰਦਾ ਹੈ | ਇਸ ਗੱਲ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਲ 2014 ਵਿਚ ਭਾਰਤ ਕੋਲ ਸਿਰਫ਼ ਚਾਰ ਯੂਨੀਕੋਰਨ ਸਨ ਪਰ ਅੱਜ ਭਾਰਤ ਵਿਚ ਲਗਭਗ 125 ਸਰਗਰਮ ਯੂਨੀਕੋਰਨ ਹਨ | ਉਨ੍ਹਾਂ ਅੱਗੇ ਕਿਹਾ ਕਿ ਅੱਜ ਸਾਡੇ ਸਟਾਰਟਅੱਪ ਏ.ਆਈ., ਰੱਖਿਆ ਅਤੇ ਪੁਲਾੜ ਖੇਤਰ ਵਿਚ ਸ਼ਾਨਦਾਰ ਕੰਮ ਹੋ ਰਹੇ ਹਨ | ਖੋਜ ਅਤੇ ਨਵੀਨਤਾ ਦਾ ਇਹ ਸੱਭਿਆਚਾਰ ਹੋਰ ਵੀ ਵਿਸ਼ਾਲ ਹੁੰਦਾ ਜਾ ਰਿਹਾ ਹੈ |