23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਸ.ਆਈ.ਆਰ. ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਪ੍ਰੇਸ਼ਾਨ <br/>

ਅਜੀਤ ਡੈਸਕ 17-05-2026

20 ਤੋਂ 25 ਲੱਖ ਵੋਟਾਂ ਕੱਟੇ ਜਾਣ ਦੇ ਚਰਚੇ
ਹਰਕਵਲਜੀਤ ਸਿੰਘ

ਚੰਡੀਗੜ੍ਹ, 16 ਮਈ–ਪੰਜਾਬ 'ਚ ਵੋਟਰਾਂ ਦੀ ਸੁਧਾਈ ਲਈ ਐਸ.ਆਈ.ਆਰ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਰ ਚੋਣ ਕਮਿਸ਼ਨ ਦੇ ਭਰੋਸਿਆਂ ਦੇ ਬਾਵਜੂਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਵਿਚ ਇਸ ਸੁਧਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਹਨ | ਐਸ.ਆਈ.ਆਰ. ਨੂੰ ਲੈ ਕੇ ਜਿਵੇਂ ਬੰਗਾਲ, ਬਿਹਾਰ ਅਤੇ ਤਾਮਿਲਨਾਡੂ ਆਦਿ ਰਾਜਾਂ ਵਿਚ ਵੋਟ ਕੱਟੇ ਗਏ, ਉਸ ਨੇ ਇਸ ਸੁਧਾਈ ਪ੍ਰਕਿਰਿਆ ਨੂੰ ਵੱਡੇ ਸ਼ੱਕ ਦੇ ਘੇਰਿਆ ਵਿਚ ਲੈ ਆਉਂਦਾ ਹੈ | ਪੰਜਾਬ ਹਾਲਾਂਕਿ ਉਕਤ ਰਾਜਾਂ ਤੋਂ ਵੱਖਰਾ ਹੈ ਪਰ ਪੰਜਾਬ ਵਿਚ ਯੂ.ਪੀ, ਬਿਹਾਰ, ਹਿਮਾਚਲ, ਉੱਤਰਾਖੰਡ ਅਤੇ ਕੁਝ ਹੋਰ ਰਾਜਾਂ ਤੋਂ ਕੰਮ ਕਰਨ ਲਈ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦੀ ਗਿਣਤੀ ਪੰਜਾਬ ਵਿਚ ਹਮੇਸ਼ਾ 30 ਤੋਂ 40 ਲੱਖ ਦਰਮਿਆਨ ਰਹੀ ਹੈ ਉਹ ਪੰਜਾਬ ਦੀ ਪੰਜਾਬ ਵਿਚਲੀ ਵੋਟ ਪ੍ਰਕਿਰਿਆ 'ਤੇ ਵੱਡਾ ਪ੍ਰਭਾਵ ਪਾ ਸਕਦੇ ਹਨ | ਇਨ੍ਹਾਂ 'ਚੋਂ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਦੀਆਂ ਆਪਣੇ ਪਿਤਰੀ ਰਾਜਾਂ ਵਿਚ ਵੀ ਵੋਟਾਂ ਹਨ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ਪ੍ਰਵਾਸੀ ਵੋਟਰਾਂ ਨੂੰ ਪੰਜਾਬ ਦੇ ਵੋਟਰ ਪ੍ਰਵਾਨ ਕੀਤਾ ਜਾਂਦਾ ਹੈ ਜਾਂ ਨਹੀਂ | ਇਸੇ ਤਰ੍ਹਾਂ ਮਗਰਲੇ ਕੋਈ 20 ਸਾਲਾਂ ਦੌਰਾਨ ਪੰਜਾਬੀਆਂ ਵਲੋਂ ਵਿੱਦਿਆ ਹਾਸਿਲ ਕਰਨ ਜਾਂ ਦੀ ਭਾਲ ਵਿਚ ਵੱਡੇ ਪੱਧਰ 'ਤੇ ਵਿਦੇਸ਼ ਵੱਲ ਪ੍ਰਵਾਸ ਕੀਤਾ ਗਿਆ ਅਤੇ ਪੰਜਾਬ ਤੋਂ ਵਿਦੇਸ਼ਾਂ ਵੱਲ ਪ੍ਰਵਾਸ ਕਰਨ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕੋਈ 15 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ | ਹਾਲਾਂਕਿ ਐਨ.ਆਰ.ਆਈਜ਼ ਨੂੰ ਹਿੰਦੁਸਤਾਨ ਵਿਚ ਵੋਟ ਰੱਖਣ ਦਾ ਅਧਿਕਾਰ ਹੈ ਪਰ ਉਨ੍ਹਾਂ ਦੀ ਗ਼ੈਰਹਾਜ਼ਰੀ ਕਾਰਨ ਕੀ ਉਨ੍ਹਾਂ ਦੇ ਵੋਟ ਬਚ ਸਕਣਗੇ, ਇਹ ਵੀ ਮਹੱਤਵਪੂਰਨ ਹੋਵੇਗਾ | ਮਗਰਲੀਆਂ ਚੋਣਾਂ ਦੌਰਾਨ ਐਨ.ਆਰ.ਆਈਜ਼ ਵਲੋਂ ਵੋਟਾਂ ਪਾਉਣ ਵਿਚ ਦਿਲਚਸਪੀ ਨਹੀਂ ਵਿਖਾਈ ਜਾਂਦੀ ਰਹੀ, ਹਾਲਾਂਕਿ ਇਹ ਪ੍ਰਵਾਸੀ ਭਾਰਤੀ ਆਪਣੇ ਇਲਾਕਿਆਂ ਦੇ ਉਮੀਦਵਾਰਾਂ 'ਤੇ ਕਈ ਵਾਰ ਸਿਆਸੀ ਦਲਾਂ ਨੂੰ ਵਿੱਤੀ ਮਦਦ ਜ਼ਰੂਰ ਦਿੰਦੇ ਰਹੇ | ਚੋਣ ਕਮਿਸ਼ਨ ਵਲੋਂ ਪੰਜਾਬੀਆਂ ਨੂੰ ਭਾਵੇਂ ਭਰੋਸੇ ਜ਼ਰੂਰ ਦਿੱਤੇ ਜਾ ਰਹੇ ਹਨ, ਪ੍ਰੰਤੂ ਸਿਆਸੀ ਦਲਾਂ ਨੂੰ ਸ਼ੱਕ ਹੈ ਕਿ ਰਾਜ ਵਿਚੋਂ ਕੋਈ 20 ਤੋਂ 25 ਲੱਖ ਵੋਟ ਕੱਟੇ ਜਾ ਸਕਦੇ ਹਨ | ਸਿਆਸੀ ਪਾਰਟੀ ਵਲੋਂ ਅੱਜ ਅਜਿਹੇ ਸ਼ੰਕੇ ਵੀ ਜ਼ਾਹਿਰ ਕੀਤੇ ਗਏ ਕਿ ਆਰ.ਐਸ.ਐਸ. ਵਲੋਂ ਪੰਜਾਬ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਚ ਮਗਰਲੇ ਦੋ-ਢਾਈ ਸਾਲ ਦੌਰਾਨ ਵੋਟਰਾਂ ਸੰਬੰਧੀ ਪੂਰੀ ਛਾਣਬੀਣ ਕੀਤੀ ਗਈ ਅਤੇ ਇਹ ਪਤਾ ਲਗਾਇਆ ਗਿਆ ਕਿ ਕਿਹੜੇ ਪਰਿਵਾਰ ਕਿਸ ਪਾਰਟੀ ਨਾਲ ਜੁੜੇ ਹੋਏ ਹਨ | ਹੁਣ ਸ਼ੰਕੇ ਇਹ ਵੀ ਜ਼ਾਹਿਰ ਕੀਤੇ ਜਾ ਰਹੇ ਹਨ ਕਿ ਕੀ ਇਨ੍ਹਾਂ ਰਿਪੋਰਟਾਂ ਦੀ ਵਰਤੋਂ ਐਸ.ਆਈ.ਆਰ. ਲਈ ਤਾਂ ਹੁਣ ਨਹੀਂ ਹੋਵੇਗੀ | ਦਿਲਚਸਪ ਗੱਲ ਇਹ ਹੈ ਕਿ ਚੋਣ ਕਮਿਸ਼ਨ ਵਲੋਂ ਹਰ ਰਾਜ ਨੂੰ ਉਸ ਦੇ ਹਾਲਾਤ ਨੂੰ ਮੁੱਖ ਰੱਖ ਕੇ ਵੱਖੋ-ਵੱਖ ਤਰ੍ਹਾਂ ਦੀਆਂ ਹਦਾਇਤਾਂ ਤੇ ਨਿਰਦੇਸ਼ ਭੇਜੇ ਜਾ ਰਹੇ ਹਨ ਪਰ ਪੰਜਾਬ ਸੰਬੰਧੀ ਇਹ ਨਿਰਦੇਸ਼ ਕੀ ਹਨ ਇਹ ਵੀ ਅਜੇ ਸਪੱਸ਼ਟ ਨਹੀਂ ਹੋ ਸਕਿਆ |
ਬੰਗਾਲ 'ਚ ਜਿਵੇਂ ਮੁਸਲਮਾਨ ਵੋਟਾਂ ਵੱਡੇ ਪੱਧਰ 'ਤੇ ਕੱਟੇ ਜਾਣ ਦਾ ਚਰਚਾ ਹੈ ਅਤੇ ਪੰਜਾਬ ਵਿਚ ਵੀ ਮਗਰਲੇ ਸਮੇਂ ਦੌਰਾਨ ਲੁਧਿਆਣਾ, ਜਲੰਧਰ, ਅੰਮਿ੍ਤਸਰ ਸਮੇਤ ਕਈ ਸ਼ਹਿਰਾਂ ਵਿਚ ਮੁਸਲਮਾਨਾਂ ਦੀ ਵੀ ਕਾਫ਼ੀ ਆਮਦ ਵੇਖੀ ਗਈ | ਜੰਮੂ ਕਸ਼ਮੀਰ ਤੋਂ ਵੀ ਕੁਝ ਮੁਸਲਮਾਨ ਪੰਜਾਬ ਵੱਲ ਆਏ | ਇਨ੍ਹਾਂ ਮੁਸਲਮਾਨ ਪ੍ਰਵਾਸੀਆਂ ਦੀਆਂ ਵੋਟਾਂ ਦਾ ਕੀ ਭਵਿੱਖ ਹੋਵੇਗਾ ਇਹ ਵੀ ਵੇਖਣ ਵਾਲੀ ਗੱਲ ਹੈ | ਇਸਾਈ ਵੋਟ ਵੀ ਭਾਵੇਂ ਪੰਜਾਬ ਵਿਚ 1 ਪ੍ਰਤੀਸ਼ਤ ਤੋਂ ਕੁਝ ਵੱਧ ਹੈ ਪਰ ਭਾਜਪਾ ਈਸਾਈਆਂ ਵਲੋਂ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਵੱਡਾ ਮੁੱਦਾ ਬਣਾਇਆ ਜਾਂਦਾ ਰਿਹਾ ਹੈ | ਹੁਣ ਵੋਟਾਂ ਬਣਾਉਣ ਮੌਕੇ ਉਨ੍ਹਾਂ ਪ੍ਰਤੀ ਕੀ ਰਵੱਈਆ ਰਹੇਗਾ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ | ਪੰਜਾਬ ਦੀਆਂ ਰਾਜਸੀ ਪਾਰਟੀਆਂ ਜੋ ਹੁਣ ਤੱਕ ਐਸ.ਆਈ.ਆਰ. ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਸਨ ਅਤੇ ਨਾ ਹੀ ਉਨ੍ਹਾਂ ਵਲੋਂ ਇਸ ਸੰਬੰਧੀ ਹੁਣ ਤੱਕ ਕੋਈ ਕੰਮ ਹੀ ਕੀਤਾ ਗਿਆ ਸੀ ਹੁਣ ਅਚਾਨਕ ਹਰਕਤ ਵਿਚ ਆ ਰਹੀਆਂ ਹਨ ਅਤੇ ਪਾਰਟੀਆਂ ਵਲੋਂ ਆਪਣੇ ਹਲਕਾ ਇੰਚਾਰਜਾਂ ਨੂੰ ਇਸ ਮੰਤਵ ਲਈ ਸਰਗਰਮ ਕੀਤਾ ਜਾ ਰਿਹਾ ਹੈ | ਮਗਰਲੇ ਸਮੇਂ ਦੌਰਾਨ ਮਿ੍ਤਕ ਅਤੇ ਇਕ ਤੋਂ ਦੂਸਰੇ ਥਾਂ ਜਾਣ ਵਾਲੇ ਵੋਟਰਾਂ ਦੀ ਗਿਣਤੀ ਵੀ ਕਾਫ਼ੀ ਹੋਵੇਗੀ, ਜਿਨ੍ਹਾਂ ਸੰਬੰਧੀ ਸੁਧਾਈ ਜ਼ਰੂਰੀ ਹੋਵੇਗੀ | ਚੋਣ ਕਮਿਸ਼ਨ ਵਲੋਂ ਜੋ ਇਹ ਕਿਹਾ ਗਿਆ ਹੈ ਕਿ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਜੋ ਕਿਸੇ ਪਤੇ 'ਤੇ ਵੋਟਰ ਦੇ ਨਾ ਮਿਲਣ ਦੀ ਸੂਰਤ ਵਿਚ ਤਿੰਨ ਵਾਰ ਉਸ ਪਤੇ ਜਾਂ ਘਰ ਤੱਕ ਪਹੁੰਚ ਕਰੇਗਾ ਪਰ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਬੀ.ਐਲ.ਓ. ਲਈ ਜ਼ਰੂਰੀ ਬਣਾਇਆ ਜਾਵੇ ਕਿ ਉਹ ਆਸ-ਪਾਸ ਵਾਲਿਆਂ ਦੀ ਆਪਣੀ ਫ਼ੇਰੀ ਸੰਬੰਧੀ ਗਵਾਹੀ ਵੀ ਪਵਾਏ ਤਾਂ ਜੋ ਇਸ ਸੰਬੰਧੀ ਬੋਗਸ ਰਿਕਾਰਡ ਨਾ ਬਣਾਏ ਜਾਣ | ਪੰਜਾਬ ਇਕ ਸੰਵੇਦਨਸ਼ੀਲ ਸੂਬਾ ਹੈ ਅਤੇ ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਐਸ.ਆਈ.ਆਰ. ਨੂੰ ਲੈ ਕੇ ਪੰਜਾਬ ਦਾ ਮਾਹੌਲ ਦੁਬਾਰਾ ਖ਼ਰਾਬ ਨਾ ਹੋਵੇ |

ਪਿਛਲੀ ਖ਼ਬਰ ਅੱਜ ਦਾ ਭਾਰਤ ਬੇਮਿਸਾਲ ਤਬਦੀਲੀ ਦੇ ਦੌਰ 'ਚੋਂ ਲੰਘ ਰਿਹਾ ਹੈ-ਮੋਦੀ ਅਗਲੀ ਖ਼ਬਰ ਭਾਰਤ ਤੇ ਨੀਦਰਲੈਂਡ ਵਲੋਂ ਸੈਮੀਕੰਡਕਟਰ ਖੇਤਰ 'ਚ ਮਹੱਤਵਪੂਰਨ ਸਮਝੌਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।