20 ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਗੁਰਦਾਸਪੁਰ/ਪੱਟੀ, 16 ਮਈ (ਚੱਕਰਾਜਾ, ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੁਰਦਾਸਪੁਰ ਵਿਖੇ ਤਾਇਨਾਤ ਐਸ. ਡੀ. ਐਮ ਅਨੁਪ੍ਰੀਤ ਕੌਰ ਰੰਧਾਵਾ, ਜਿਸ ਨੰੂ ਅੱਜ ਸਵੇਰੇ 7 ਵਜੇ ਦੇ ਕਰੀਬ ਪੱਟੀ ਪੁਲਿਸ ਵਲੋਂ ਉਨ੍ਹਾਂ ਦੀ ਗੁਰਦਾਸਪੁਰ ਸਥਿਤ ਸਰਕਾਰੀ ਰਿਹਾਇਸ਼ ਤੋਂ ਹਿਰਾਸਤ ਵਿਚ ਲਿਆ ਗਿਆ | ਉਨ੍ਹਾਂ ਦੀ ਅੱਜ ਹੋਈ ਗਿ੍ਫ਼ਤਾਰੀ ਨੰੂ ਜੰਮੂ-ਕਸ਼ਮੀਰ ਤੋਂ ਰਾਜਸਥਾਨ ਹਾਈਵੇ ਲਈ ਐਕਵਾਇਰ ਕੀਤੀ ਗਈ ਜ਼ਮੀਨ 'ਚ 1 ਕਰੋੜ 63 ਲੱਖ ਰੁਪਏ ਦੇ ਹੋਏ ਗ਼ਬਨ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਐਸ.ਡੀ.ਐਮ. ਅਨੁਪ੍ਰੀਤ ਕੌਰ ਰੰਧਾਵਾ 'ਤੇ ਬੇਜ਼ਮੀਨੇ ਲੋਕਾਂ ਦੇ ਖਾਤਿਆਂ ਵਿਚ ਐਕਵਾਇਰ ਕੀਤੀ ਗਈ ਜ਼ਮੀਨ ਦੇ ਬਦਲੇ ਪੈਸੇ ਪਾਉਣ ਦੇ ਦੋਸ਼ ਲੱਗੇ ਸਨ | ਜਿਸ ਸੰਬੰਧੀ 2018-2019 ਵਿਚ ਕਰੋੜਾਂ ਦੇ ਹੋਏ ਇਸ ਗ਼ਬਨ ਨੰੂ ਲੈ ਕੇ ਐਸ. ਡੀ. ਐਮ. ਅਨੁਪ੍ਰੀਤ ਕੌਰ ਰੰਧਾਵਾ 'ਤੇ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਪੱਟੀ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸੀ, ਜਿਸ ਦੀ ਜਾਂਚ ਚੱਲ ਰਹੀ ਸੀ ਅਤੇ ਅੱਜ ਮੁੜ ਪੱਟੀ ਪੁਲਿਸ ਵਲੋਂ ਉਨ੍ਹਾਂ ਨੰੂ ਹਿਰਾਸਤ ਵਿਚ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਐਸ.ਡੀ.ਐਮ. ਅਨੁਪ੍ਰੀਤ ਕੌਰ, ਐਸ.ਡੀ.ਐਮ. ਗੁਰਦਾਸਪੁਰ ਦੇ ਨਾਲ-ਨਾਲ ਨਗਰ ਕੌਂਸਲ ਗੁਰਦਾਸਪੁਰ ਭੰਗ ਹੋਣ ਕਾਰਨ ਨਗਰ ਕੌਂਸਲ ਦੇ ਪ੍ਰਬੰਧਕ ਵਜੋਂ ਵੀ ਕੰਮ ਦੇਖ ਰਹੇ ਸਨ | ਡੀ.ਐਸ.ਪੀ. ਸਬ ਡਵੀਜ਼ਨ ਪੱਟੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਮੈਡਮ ਅਨੁਪ੍ਰੀਤ ਕੌਰ ਨੂੰ ਮਾਣਯੋਗ ਜੱਜ ਕਰਨਬੀਰ ਸਿੰਘ ਦੀ ਅਦਾਲਤ ਪੱਟੀ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਦਾ 20 ਮਈ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ | ਪੁਲਿਸ ਵਲੋਂ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਹ ਮਾਮਲਾ ਜੰਮੂ-ਰਾਜਸਥਾਨ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ 'ਚ ਹੋਏ ਕਥਿਤ ਗਬਨ ਨਾਲ ਜੁੜਿਆ ਹੋਇਆ ਹੈ | ਇਸ ਮਾਮਲੇ ਵਿਚ ਪਹਿਲਾਂ ਵੀ ਪੱਟੀ ਵਿਚ ਕੇਸ ਦਰਜ ਹੋ ਚੁੱਕਾ ਹੈ | ਇਸ ਸੰਬੰਧੀ ਪੁਲਿਸ ਥਾਣਾ ਸਿਟੀ ਪੱਟੀ ਵਿਚ ਦਰਜ ਐਫ.ਆਈ.ਆਰ. ਜੋ 5 ਸਤੰਬਰ, 2019 ਨੂੰ ਤਤਕਾਲੀ ਐਸ.ਡੀ.ਐਮ. ਪੱਟੀ ਨਵਰਾਜ ਸਿੰਘ ਬਰਾੜ ਦੇ ਬਿਆਨਾਂ 'ਤੇ ਤਤਕਾਲੀ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਸੱਭਰਵਾਲ ਵਲੋਂ ਕੀਤੀ ਤਫ਼ਤੀਸ਼ ਤੋਂ ਬਾਅਦ ਤਤਕਾਲ ਐਸ.ਐੱਸ.ਪੀ. ਤਰਨ ਤਾਰਨ ਧਰੁਵ ਦਹੀਆ ਦੇ ਸਮੇਂ ਥਾਣਾ ਪੱਟੀ ਸਿਟੀ ਵਿਚ ਅਨੁਪ੍ਰੀਤ ਕੌਰ 'ਤੇ ਕਰੀਬ 1 ਕਰੋੜ 63 ਲੱਖ 67 ਹਜ਼ਾਰ 975 ਰੁਪਏ ਦੇ ਗਬਨ ਦੇ ਦੋਸ਼ਾਂ ਹੇਠ 5 ਹੋਰਨਾਂ ਖ਼ਿਲਾਫ਼ ਧਾਰਾ 419, 420, 409, 120 (ਬੀ) ਆਈ.ਪੀ.ਸੀ. 1860 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਇਸ ਮਾਮਲੇ ਵਿਚ ਐਸ.ਡੀ.ਐਮ. ਅਨੁਪ੍ਰੀਤ ਕੌਰ ਤੋਂ ਇਲਾਵਾ ਜਸਬੀਰ ਕੌਰ ਪਤਨੀ ਮਿੱਤਰ ਸਿੰਘ ਵਾਸੀ ਅੰਮਿ੍ਤਸਰ, ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਤਰਨ ਤਾਰਨ, ਸਰਤਾਜ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਤਰਨ ਤਾਰਨ, ਬਿਕਰਮਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਹੁਸ਼ਿਆਰ ਨਗਰ, ਗੁਰਮੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਤਰਨ ਤਾਰਨ ਦੇ ਨਾਂਅ ਵੀ ਸ਼ਾਮਿਲ ਸਨ | ਇਨ੍ਹਾਂ ਅਯੋਗ ਵਿਅਕਤੀਆਂ ਦੇ ਖਾਤਿਆਂ 'ਚ ਮੋਟੀਆਂ ਰਕਮਾਂ ਪਾਈਆਂ ਗਈਆਂ ਸਨ | ਇਨ੍ਹਾਂ ਸਾਰਿਆਂ ਦੇ ਨਾਂਅ 5 ਜੁਲਾਈ, 2013 ਨੂੰ ਪ੍ਰਕਾਸ਼ਿਤ ਭਾਰਤ ਦੇ ਗਜ਼ਟ ਵਿਚ ਨੈਸ਼ਨਲ ਹਾਈਵੇਜ਼ ਐਕਟ 1956 ਮੁਤਾਬਿਕ ਸਬ ਡਵੀਜ਼ਨ ਪੱਟੀ ਜ਼ਿਲ੍ਹਾ ਤਰਨ ਤਾਰਨ ਦੇ ਛੇ ਪਿੰਡਾਂ ਤਤਲਾ, ਹਰੀਕੇ, ਨੱਥੂਪੁਰ, ਬੂਹ, ਮਰਹਾਣਾ ਅਤੇ ਜੌਣੇਕੇ ਵਿਚ ਨੈਸ਼ਨਲ ਹਾਈਵੇ 15 (ਹੁਣ 54) ਲਈ ਜ਼ਮੀਨ ਐਕਵਾਇਰ ਕੀਤੀ ਜਾਣ ਵਾਲੀ ਨੋਟੀਫ਼ਿਕੇਸ਼ਨ ਵਿਚ ਨਾਂਅ ਸ਼ਾਮਿਲ ਨਹੀਂ ਸਨ | ਪਰ ਮਿਲੀਭੁਗਤ ਦੇ ਨਾਲ ਇਨ੍ਹਾਂ ਵਿਅਕਤੀਆਂ ਦੇ ਖਾਤਿਆਂ ਵਿਚ ਮੋਟੀਆਂ ਰਕਮਾਂ ਪਾਈਆਂ ਗਈਆਂ ਸਨ | ਇਸ ਸੰਬੰਧੀ ਪੱਟੀ ਪੁਲਿਸ ਵਲੋਂ ਜ਼ਿਆਦਾ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਨਹੀਂ ਕੀਤੀ ਜਾ ਰਹੀ | ਅੱਜ ਸਾਰਾ ਦਿਨ ਡੀ.ਐਸ.ਪੀ.. ਸਬ ਡਵੀਜ਼ਨ ਪੱਟੀ ਦਾ ਗੇਟ ਵੀ ਬੰਦ ਹੀ ਰੱਖਿਆ ਗਿਆ |
ਵਿਧਾਇਕ ਪਾਹੜਾ ਵੀ ਲਗਾ ਚੁੱਕੇ ਹਨ ਦੋਸ਼
ਗੁਰਦਾਸਪੁਰ ਵਿਖੇ ਤਾਇਨਾਤ ਐਸ.ਡੀ.ਐਮ. ਅਨੁਪ੍ਰੀਤ ਕੌਰ ਰੰਧਾਵਾ ਨੰੂ ਪੱਟੀ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ ਦੇ ਮਾਮਲੇ ਦੇ ਸੰਬੰਧ ਵਿਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਬਲਾਕ ਸੰਮਤੀ ਚੋਣਾਂ ਦੌਰਾਨ ਐਸ.ਡੀ.ਐਮ. 'ਤੇ ਆਪਣੇ ਕੰਮ 'ਚ ਕੁਤਾਹੀ ਕਰਨ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਉਸ ਸਮੇਂ ਪ੍ਰੈਸ ਕਾਨਫ਼ਰੰਸ ਕਰਕੇ ਕਈ ਤਰਾਂ ਦੇ ਸਬੂਤ ਦਿਖਾਉਂਦੇ ਹੋਏ ਜੰਮੂ ਰਾਜਸਥਾਨ ਹਾਈਵੇ ਵਿਚ ਹੋਏ ਗ਼ਬਨ ਦਾ ਮੁੱਦਾ ਵੀ ਲੋਕਾਂ ਸਾਹਮਣੇ ਲਿਆਂਦਾ ਗਿਆ ਸੀ |
1 ਕਰੋੜ 63 ਲੱਖ ਦੇ ਗ਼ਬਨ ਮਾਮਲੇ 'ਚ ਗੁਰਦਾਸਪੁਰ ਦੀ ਐਸ.ਡੀ.ਐਮ. ਗਿ੍ਫ਼ਤਾਰ <br/>
ਅਜੀਤ ਡੈਸਕ
17-05-2026